
ਜੋਗਿੰਦਰ ਸਿੰਘ ਮਾਨ/ਅਮਿਤ ਕੁਮਾਰ
ਮਾਨਸਾ/ਬੁਢਲਾਡਾ, 26 ਮਈ
5ਵੀਂ, 8ਵੀਂ, ਅਤੇ 12ਵੀਂ ਵਿੱਚ ਮਾਨਸਾ ਦੀਆਂ ਕੁੜੀਆਂ ਦੀ ਝੰਡੀ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਕਲਾਸ ਦੀ ਪ੍ਰੀਖਿਆ ਵਿੱਚੋਂ ਵੀ ਮੱਧ ਵਰਗੀ ਪਰਿਵਾਰ ਨਾਲ ਸਬੰਧਿਤ ਪਿੰਡ ਮੰਢਾਲੀ ਦੀ ਵਿਦਿਆਰਥਣ ਹਰਮਨਪ੍ਰੀਤ ਕੌਰ ਪੁੱਤਰੀ ਸੁਖਵਿੰਦਰ ਸਿੰਘ ਨੇ ਸੂਬੇ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਉਸ ਦੀ ਇਸ ਪ੍ਰਾਪਤੀ ਲਈ ਸਕੂਲ, ਮਾਪੇ, ਪ੍ਰਸ਼ਾਸਨ ਅਤੇ ਸਿਆਸੀ ਨੇਤਾ ਬਾਗੋ-ਬਾਗ ਹਨ। ਹਰਮਨਪ੍ਰੀਤ ਕੌਰ ਨੇ ਖ਼ੁਦ ਹੀ ਪੜ੍ਹਾਈ ਕੀਤੀ ਅਤੇ ਇਸ ਵਾਸਤੇ ਕੋਈ ਕੋਚਿੰਗ ਅਤੇ ਟਿਊਸ਼ਨ ਨਹੀਂ ਲਈ। ਉਹ ਆਈਪੀਐੱਸ ਅਫ਼ਸਰ ਬਣਨਾ ਚਾਹੁੰਦੀ ਹੈ। ਹਰਮਨਪ੍ਰੀਤ ਕੌਰ ਦੇ ਪਿਤਾ ਛੋਟੇ ਕਿਸਾਨ ਹਨ ਅਤੇ ਆਟਾ ਚੱਕੀ ਚਲਾਉਂਦੇ ਹਨ। ਘਰ ਦੀ ਆਰਥਿਕ ਹਾਲਤ ਜ਼ਿਆਦਾ ਚੰਗੀ ਨਹੀਂ ਹੈ। ਵਿਦਿਆਰਥਣ ਹਰਮਨਪ੍ਰੀਤ ਕੌਰ ਵੱਲੋਂ 10ਵੀਂ ਦੀ ਪ੍ਰੀਖਿਆ ਵਿੱਚ ਸੂਬੇ ਵਿੱਚ ਤੀਜਾ ਸਥਾਨ ਲੈਣ ਤੋਂ ਬਾਅਦ ਸਰਕਾਰੀ ਹਾਈ ਸਕੂਲ, ਮੰਢਾਲੀ ਵਿੱਚ ਵਿਧਾਇਕ ਬੁੱਧ ਰਾਮ, ਜ਼ਿਲ੍ਹਾ ਯੋਜਨਾ ਬੋਰਡ ਮਾਨਸਾ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ, ਸਕੂਲ ਪ੍ਰਿੰਸੀਪਲ ਹਰਪ੍ਰੀਤ ਸਿੰਘ, ਪਿੰਡ ਦੀ ਪੰਚਾਇਤ ਨੇ ਉਸ ਦਾ ਸਨਮਾਨ ਕੀਤਾ।
ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੀਆਂ ਲੜਕੀਆਂ ਨੇ 5ਵੀਂ, 8ਵੀਂ, 10ਵੀਂ, 12ਵੀਂ ਵਿੱਚ ਆਪਣੀ ਸਫ਼ਲਤਾ ਦੇ ਝੰਡੇ ਗੱਡੇ ਹਨ। ਉਨ੍ਹਾਂ ਕਿਹਾ ਕਿ ਉਹ ਸਰਕਾਰ ਕੋਲ ਇਨ੍ਹਾਂ ਲੜਕੀਆਂ ਦੀ ਪੜ੍ਹਾਈ ਲਈ ਹੋਰ ਮਦਦ ਕਰਨ ਅਤੇ ਪੜ੍ਹਾਈ ਵਿੱਚ ਸਹਿਯੋਗ ਕਰਨ ਦੀ ਵੀ ਅਪੀਲ ਕਰਨਗੇ।
ਲੜਕੀ ਦੇ ਪਿਤਾ ਸੁਖਵਿੰਦਰ ਸਿੰਘ ਨੇ ਕਿਹਾ ਕਿ ਘਰ ਵਿੱਚ ਪਹਿਲੀ ਵਾਰ ਇਨੀ ਵੱਡੀ ਖ਼ੁਸ਼ੀ ਆਈ ਹੈ ਅਤੇ ਉਹ ਆਪਣੀ ਧੀ ਨੂੰ ਆਪਣੀ ਸਮਰੱਥਾ ਮੁਤਾਬਕ ਵੱਧ ਤੋਂ ਵੱਧ ਪੜ੍ਹਾਉਣਗੇ।
ਦਸਮੇਸ਼ ਕਾਨਵੈਂਟ ਸਕੂਲ ਦੇ 6 ਵਿਦਿਆਰਥੀ ਮੈਰਿਟ ’ਚ ਆਏ

ਸਰਦੂਲਗੜ੍ਹ (ਬਲਜੀਤ ਸਿੰਘ): ਦਸਵੀਂ ਦੇ ਨਤੀਜਿਆਂ ਵਿੱਚ ਦਸਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ ਦੇ ਛੇ ਵਿਦਿਆਰਥੀਆਂ ਨੇ ਮੈਰਿਟ ਸੂਚੀ ’ਚ ਆਪਣਾ ਨਾਮ ਦਰਜ ਕਰਵਾਇਆ ਹੈ। ਸਕੂਲ ਪ੍ਰਿੰਸੀਪਲ ਭੁਪਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਮਨਜੌਤ ਕੌਰ ਪੁੱਤਰੀ ਹਰਪਾਲ ਸਿੰਘ ਨੇ 98 ਫੀਸਦੀ (637/650) ਅੰਕ ਪ੍ਰਾਪਤ ਕਰ ਕੇ ਪੰਜਾਬ ’ਚੋਂ 11ਵਾਂ ਰੈਂਕ ਅਤੇ ਜ਼ਿਲ੍ਹੇ ਦੇ ਪ੍ਰਾਈਵੇਟ ਸਕੂਲਾਂ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਮੋਹਿਤ ਕੁਮਾਰ ਪੁੱਤਰ ਸਤੀਸ਼ ਕੁਮਾਰ ਨੇ 97.54 ਫੀਸਦੀ (634/650) ਅੰਕਾਂ ਨਾਲ ਸੂਬੇ ’ਚੋਂ 14ਵਾਂ ਰੈਂਕ, ਨਿਹਾਰਿਕਾ ਗੋਇਲ ਪੁੱਤਰੀ ਰਾਕੇਸ਼ ਕੁਮਾਰ ਨੇ 97.38 (633/650) ਫ਼ੀਸਦੀ ਅੰਕਾਂ ਨਾਲ ਸੂਬੇ ’ਚੋਂ 15ਵਾਂ ਰੈਂਕ, ਭਾਵਨਾ ਪੁੱਤਰੀ ਸੰਦੀਪ ਕੁਮਾਰ 97.23 (632/650) ਫ਼ੀਸਦੀ ਅੰਕਾਂ ਨਾਲ 16ਵਾਂ ਰੈਂਕ, ਜਸ਼ਨਪ੍ਰੀਤ ਕੌਰ ਪੁੱਤਰੀ ਹਰਜੀਤ ਸਿੰਘ ਅਤੇ ਅਨਮੋਲ ਰਾਣੀ ਪੁੱਤਰੀ ਬਲਵੰਤ ਰਾਮ ਨੇ 97.08 (631/650) ਫ਼ੀਸਦੀ ਅੰਕਾਂ ਨਾਲ ਪੰਜਾਬ ’ਚੋਂ 17ਵਾਂ ਰੈਂਕ ਹਾਸਲ ਕੀਤਾ ਹੈ।
ਕੋਮਲ ਨੇ ਪ੍ਰਾਪਤ ਕੀਤਾ 237ਵਾਂ ਸਥਾਨ

ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਦਸਵੀਂ ਜਮਾਤ ਦੇ ਨਤੀਜੇ ਵਿੱਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਤਲਵੰਡੀ ਸਾਬੋ ਦੀ ਵਿਦਿਆਰਥਣ ਕੋਮਲ ਨੇ 237ਵਾਂ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਪ੍ਰਿੰਸੀਪਲ ਗੁਰਮੀਤ ਕੌਰ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਕੋਮਲ ਪੁੱਤਰੀ ਰਾਜ ਕੁਮਾਰ ਨੇ ਕੁੱਲ 650 ਅੰਕਾਂ ਵਿੱਚੋਂ 632 ਅੰਕ ਪ੍ਰਾਪਤ ਕੀਤੇ ਤੇ ਮੈਰਿਟ ਲਿਸਟ ਵਿੱਚ ਪੰਜਾਬ ਭਰ ਵਿੱਚੋਂ 237ਵਾਂ ਰੈਂਕ ਲਿਆ। ਉਨ੍ਹਾਂ ਦੱਸਿਆ ਕਿ ਕੋਮਲ ਦੇ ਮਾਪੇ ਮਿਹਨਤ ਮਜ਼ਦੂਰੀ ਕਰ ਕੇ ਗੁਜ਼ਾਰਾ ਕਰਦੇ ਹਨ। ਵਿਦਿਆਰਥਣ ਨੂੰ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਛੋਟਾ ਸਿੰਘ, ਮੈਨੇਜਰ ਰਣਜੀਤ ਸਿੰਘ ਮਲਕਾਣਾ, ਜਸਵਿੰਦਰ ਸਿੰਘ ਸਿੱਧੂ, ਭੁਪਿੰਦਰ ਸਿੰਘ ਜੱਸਲ, ਪ੍ਰਿੰਸੀਪਲ ਗੁਰਮੀਤ ਕੌਰ, ਪ੍ਰਿੰਸੀਪਲ ਬਿਕਰਮਜੀਤ ਸਿੰਘ ਤੇ ਸਮੂਹ ਸਕੂਲ ਸਟਾਫ ਨੇ ਵਧਾਈ ਦਿੱਤੀ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ