ਜੋਗਿੰਦਰ ਸਿੰਘ ਮਾਨ
ਮਾਨਸਾ, 11 ਮਾਰਚ
ਵਿਧਾਨ ਸਭਾ ਚੋਣਾਂ ਦੇ ਕੱਲ੍ਹ ਆਏ ਨਤੀਜਿਆਂ ਤੋਂ ਬਾਅਦ ਅੱਜ ਵੀ ਕਿਤੇ ਖੁਸ਼ੀ, ਕਿਤੇ ਗ਼ਮੀ ਦਾ ਮਾਹੌਲ ਹੈ। ਜੇਤੂ ਉਮੀਦਵਾਰਾਂ ਦੇ ਦਫ਼ਤਰਾਂ, ਘਰਾਂ ਵਿੱਚ ਵਿਆਹ ਵਰਗੀਆਂ ਰੌਣਕਾਂ ਹਨ। ਢੋਲ ਦੇ ਡੱਗੇ ’ਤੇ ਭੰਗੜੇ ਪੈ ਰਹੇ ਹਨ ਤੇ ਰੰਗਾਂ ਦੀ ਹੋਲੀ ਖੇਡੀ ਜਾ ਰਹੀ ਹੈ, ਪਰ ਹਾਰੇ ਹੋਏ ਉਮੀਦਵਾਰਾਂ ਦੇ ਘਰਾਂ ਵਿਚਲੇ ਵਿਹੜਿਆਂ ’ਚ ਡੂੰਘੀ ਉਦਾਸੀ ਛਾਈ ਹੋਈ ਹੈ ਤੇ ਲੋਕ ਉਨ੍ਹਾਂ ਦੇ ਗਲੀ-ਮੁਹੱਲੇ ’ਚੋਂ ਚੁੱਪ ਕਰਕੇ ਲੰਘ ਰਹੇ ਹਨ।
ਮਾਨਸਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ, ਜੋ ਆਪਣੀ ਕਿਸਮਤ ਅਜ਼ਮਾ ਰਹੇ ਸਨ। ਉਸ ਦੇ ਹਾਰਨ ਨਾਲ ਪਰਿਵਾਰਕ ਰਿਸ਼ਤੇਦਾਰ ਤੇ ਵਰਕਰ ਡੂੰਘੇ ਸਦਮੇ ’ਚ ਦਿਖਾਈ ਦੇ ਰਹੇ ਸਨ। ਕਾਂਗਰਸੀ ਉਮੀਦਵਾਰ ਸਿੱਧੂ ਮੂਸੇਵਾਲਾ ਬੇਸ਼ੱਕ ਮੁੱਢਲੇ ਰੁਝਾਨਾਂ ਦੌਰਾਨ ਕਾਫ਼ੀ ਪਛੜ ਗਏ ਸਨ, ਪਰ ਪਿਛਲੇ ਗੇੜਾਂ ਦੀ ਗਿਣਤੀ ’ਚ ਹੋਰ ਪਛੜਨ ਕਾਰਨ, ਉਸ ਦੇ ਪਹਿਲੀ ਵਾਰ ਵਿਧਾਨ ਸਭਾ ’ਚ ਜਾਣ ਦੇ ਸੁਪਨੇ ਧਰੇ-ਧਰਾਏ ਰਹਿ ਗਏ।
ਉਧਰ ਮਾਨਸਾ ਹਲਕੇ ਤੋਂ ‘ਆਪ’ ਦੇ ਜੇਤੂ ਰਹੇ ਉਮੀਦਵਾਰ ਡਾ. ਵਿਜੈ ਸਿੰਗਲਾ ਦੇ ਦਫ਼ਤਰ ਵਿੱਚ ਸਭ ਤੋਂ ਵੱਧ ਖੁਸ਼ੀ ਦਾ ਮਾਹੌਲ ਹੈ। ‘ਆਪ’ ਆਗੂਆਂ ਤੇ ਵਰਕਰਾਂ ਨੇ ਜਿੱਤ ਤੋਂ ਬਾਅਦ ਅੱਜ ਵੀ ਸਾਰਾ ਦਿਨ ਬਾਜ਼ਾਰਾਂ ’ਚ ਢੋਲ ਦੇ ਡੱਗੇ ’ਤੇ ਖੂਬ ਭੰਗੜੇ ਪਾਏ ਤੇ ਹੋਲੀ ਖੇਡੀ ਗਈ।
ਇਸ ਹਲਕੇ ਤੋਂ ਤੀਸਰੇ ਨੰਬਰ ’ਤੇ ਰਹੇ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਕੁਮਾਰ ਅਰੋੜਾ ਦੇ ਦਫ਼ਤਰ ’ਚ ਵੀ ਵਰਕਰਾਂ ’ਚ ਉਦਾਸੀ ਦਾ ਮਾਹੌਲ ਸੀ। ਸ੍ਰੀ ਅਰੋੜਾ ਨੇ ਬੇਸ਼ੱਕ ਸਭ ਤੋਂ ਪਹਿਲਾਂ ਆਪਣੀ ਚੋਣ ਮੁਹਿੰਮ ਆਰੰਭ ਦਿੱਤੀ ਸੀ, ਪਰ ਉਹ ਸਫ਼ਲ ਨਹੀਂ ਹੋ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ ਜਿੱਤਾਂ-ਹਾਰਾਂ ਤਾਂ ਹੁੰਦੀਆਂ ਰਹਿੰਦੀਆਂ ਹਨ, ਪਰ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਉਨ੍ਹਾਂ ਨੂੰ ਮਾਨਸਾ ਹਲਕੇ ਦੇ ਲੋਕਾਂ ਦਾ ਵੱਡਾ ਹੁੰਗਾਰਾ ਮਿਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬੇਸ਼ੱਕ ਚੋਣ ਨਹੀਂ ਜਿੱਤੇ ਪਰ ਉਹ ਲੋਕਾਂ ਦੀ ਦਿਨ-ਰਾਤ ਸੇਵਾ ਕਰਦੇ ਰਹਿਣਗੇ।
ਇਸੇ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਤੇ ਕਾਂਗਰਸੀ ਉਮੀਦਵਾਰ ਬਿਕਰਮ ਸਿੰਘ ਮੋਫਰ ਤੇ ਸਰਦੂਲਗੜ੍ਹ ਤੋਂ ਮੌਜੂਦਾ ਵਿਧਾਇਕ ਦਿਲਰਾਜ ਸਿੰਘ ਭੂੰਦੜ ਦੇ ਚੋਣ ਹਾਰਨ ਨਾਲ ਇਨ੍ਹਾਂ ਦੋਨੇਂ ਰਵਾਇਤੀ ਵਿਰੋਧੀ ਪਰਿਵਾਰਾਂ ਨੂੰ ਵੱਡਾ ਝਟਕਾ ਲੱਗਿਆ ਹੈ। ਇਸੇ ਤਰ੍ਹਾਂ ਮਾਨਸਾ ਸ਼ਹਿਰ ਵਿੱਚ ਰਹਿੰਦੇ ਡਾ.ਨਿਸ਼ਾਨ ਸਿੰਘ, ਜੋ ਅਕਾਲੀ ਦਲ ਵੱਲੋਂ ਬੁਢਲਾਡਾ ਤੋਂ ਉਮੀਦਵਾਰ ਹਨ ਤੇ ਇਸੇ ਸ਼ਹਿਰ ਦੇ ਡਾ. ਮਨੋਜ ਬਾਲਾ, ਜੋ ਮੌੜ ਵਿਧਾਨ ਹਲਕੇ ਕਾਂਗਰਸ ਦੇ ਉਮੀਦਵਾਰ ਸਨ, ਦੇ ਹਾਰ ਜਾਣ ਨਾਲ ਉਨ੍ਹਾਂ ਦੇ ਮੁਹੱਲਿਆਂ ਵਿੱਚ ਚੁੱਪ ਪਸਰੀ ਹੋਈ ਹੈ।
ਬੁਢਲਾਡਾ ਹਲਕੇ ਦੇ ‘ਆਪ’ ਦੇ ਉਮੀਦਵਾਰ ਬੁੱਧ ਰਾਮ ਦੇ ਘਰ ਵੀ ਖੁਸ਼ੀਆਂ ਦਾ ਮਾਹੌਲ ਹੈ, ਪਰ ਇਸ ਹਲਕੇ ਤੋਂ ਕਾਂਗਰਸੀ ਉਮੀਦਵਾਰ ਡਾ. ਰਣਬੀਰ ਕੌਰ ਮੀਆਂ ਦੇ ਹਾਰਨ ਕਾਰਨ ਉਨ੍ਹਾਂ ਦੇ ਘਰਾਂ ’ਚ ਉਦਾਸੀ ਛਾਈ ਹੋਈ ਹੈ।