ਪੱਤਰ ਪ੍ਰੇਰਕ
ਸ਼ਹਿਣਾ, 9 ਫਰਵਰੀ
ਵਿਧਾਨ ਸਭਾ ਹਲਕਾ ਭਦੌੜ ਤੋਂ ਵਾਰੀ-ਵਾਰੀ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਸਾਬਕਾ ਆਈ.ਏ.ਐੱਸ. ਅਧਿਕਾਰੀ ਦਰਬਾਰਾ ਸਿੰਘ ਗੁਰੂ, ਮੁਹੰਮਦ ਸਦੀਕ ਅਤੇ ਨਿਰਮਲ ਸਿੰਘ ਨਿੰਮਾ ਨੇ ਹੁਣ 2022 ’ਚ ਇਸੇ ਹਲਕੇ ਤੋਂ ਚੋਣ ਲੜ ਰਹੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਚੋਣ ਨੂੰ ਇੱਕ ਚੁਣੌਤੀ ਵਜੋਂ ਲਿਆ ਹੈ ਅਤੇ ਲਗਾਤਾਰ ਚੰਨੀ ਦੇ ਹੱਕ ’ਚ ਪ੍ਰਚਾਰ ਕਰਨ ਲਈ ਚੋਣ ਮੈਦਾਨ ਵਿੱਚ ਹਨ।
ਸਮੇਂ-ਸਮੇਂ ’ਤੇ ਸਿਆਸੀ ਵਿਰੋਧੀ ਹੁੰਦੇ ਹੋਏ ਵੀ ਇੱਕ ਹੋ ਕੇ ਮੁੱਖ ਮੰਤਰੀ ਚੰਨੀ ਦੀ ਚੋਣ ਕਮਾਨ ਨੂੰ ਸੰਭਾਲ ਰਹੇ ਹਨ। ਦਰਬਾਰਾ ਸਿੰਘ ਗੁਰੂ ਨੇ ਕਾਂਗਰਸ ’ਚ ਸ਼ਾਮਲ ਹੋਣ ਪਿੱਛੋਂ ਅੱਧੀ ਦਰਜਨ ਤੋਂ ਵੱਧ ਵੱਡੀਆਂ ਅਤੇ 40 ਦੇ ਕਰੀਬ ਛੋਟੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ ਹੈ। ਗੁਰੂ ਦੀ ਪ੍ਰੇਰਨਾ ਨਾਲ ਸੈਂਕੜੇ ਆਗੂ ਕਾਂਗਰਸ ਪਾਰਟੀ ਨਾਲ ਜੁੜੇ ਹਨ।
ਐੱਮ.ਪੀ. ਮੁਹੰਮਦ ਸਦੀਕ ਇਸੇ ਹਲਕੇ ’ਚੋਂ 2012 ’ਚ ਵਿਧਾਇਕ ਰਹੇ ਹਨ। ਮੁਹੰਮਦ ਸਦੀਕ ਦੀ ਗਾਇਕੀ ਦੀ ਮਾਲਵੇ ’ਚ ਖਿੱਚ ਹੈ। ਨੌਜਵਾਨ, ਬਜ਼ੁਰਗ ਉਨ੍ਹਾਂ ਨੂੰ ਦੇਖਣ, ਸੁਣਨ ਦੀ ਤਾਂਘ ਨਾਲ ਉਨ੍ਹਾਂ ਦੇ ਚੋਣ ਪ੍ਰਚਾਰ ਸਮੇਂ ਜੁੜਦੇ ਹਨ ਅਤੇ ਕਾਂਗਰਸ ਨੂੰ ਲਾਭ ਹੋ ਸਕਦਾ ਹੈ।
ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ ਵੀ ਇਸੇ ਹਲਕਾ ਭਦੌੜ ਤੋਂ 1992 ’ਚ ਵਿਧਾਇਕ ਰਹੇ ਹਨ ਅਤੇ ਇਲਾਕੇ ’ਚ ਚੰਗਾ ਰਸੂਖ ਰੱਖਦੇ ਹਨ। ਉਨ੍ਹਾਂ ਨੇ ਹਲਕੇ ’ਚ ਚੰਨੀ ਦੇ ਹੱਕ ਵਿੱਚ ਵਿਸ਼ੇਸ਼ ਮੁਹਿੰਮ ਚਲਾ ਰੱਖੀ ਹੈ। ਰੋਜ਼ਾਨਾ ਇਸ ਹਲਕੇ ਦੇ ਚੋਣ ਸਮੀਕਰਨਾਂ ਦਾ ਰੁਖ਼ ਬਦਲ ਰਿਹਾ ਹੈ।
ਸੂਬੇ ’ਚ ਕਾਂਗਰਸ ਵੱਡੇ ਫਰਕ ਨਾਲ ਸਰਕਾਰ ਬਣਾਏਗੀ: ਮੁਹੰਮਦ ਸਦੀਕ
ਸੰਸਦ ਮੈਂਬਰ ਮੁਹੰਮਦ ਸਦੀਕ ਨੇ ਕਸਬੇ ਸ਼ਹਿਣਾ ਦੀ ਦਲਿਤ ਬਸਤੀ ’ਚ ਘਰ-ਘਰ ਜਾ ਕੇ ਹਲਕਾ ਭਦੌੜ ਤੋਂ ਚੋਣ ਲੜ ਰਹੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਈ ਵੋਟਾਂ ਦੀ ਮੰਗ ਕੀਤੀ। ਮੁਹੰਮਦ ਸਦੀਕ ਨੇ ਇਸ ਮੌਕੇ ਨੁੱਕੜ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵਜੋਂ ਚਰਨਜੀਤ ਸਿੰਘ ਚੰਨੀ ਦਾ 111 ਦਿਨਾਂ ਦਾ ਕਾਰਜਕਾਲ ਲੋਕ ਪੱਖੀ ਰਿਹਾ ਹੈ। ਕਾਂਗਰਸ ਪਾਰਟੀ ਨੇ 2022 ਦੀਆਂ ਚੋਣਾਂ ਪਿੱਛੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਚਿਹਰਾ ਐਲਾਨਿਆ ਹੈ, ਜੋ ਕਿ ਹਲਕਾ ਭਦੌੜ ਲਈ ਮਾਣ ਦੀ ਗੱਲ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਵੱਡੇ ਫਰਕ ਨਾਲ ਸੂਬੇ ’ਚ ਜਿੱਤ ਪ੍ਰਾਪਤ ਕਰਕੇ ਸਰਕਾਰ ਬਣਾਏਗੀ।