ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 27 ਮਾਰਚ
ਇਥੇ ਤਲਵੰਡੀ ਰੋਡ ’ਤੇ ਸਥਿਤ ਇੱਕ ਢਾਬੇ ’ਤੇ ਚੱਲੀ ਗੋਲੀ ਦੌਰਾਨ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਸ਼ਰਨਜੀਤ ਸਿੰਘ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਡੀਜੇ ਦਾ ਕੰਮ ਕਰਦਾ ਹੈ ਅਤੇ ਜੀਬੀ ਪੈਟਰੋਲ ਪੰਪ ਦਾ ਮੈਨੇਜਰ ਰਾਮ ਪ੍ਰਸ਼ਾਦ ਤ੍ਰਿਪਾਠੀ ਉਸ ਦਾ ਕਰੀਬੀ ਦੋਸਤ ਸੀ ਜਿਸ ਨੇ ਕੁਝ ਪੈਸੇ ਉਸ ਤੋਂ ਉਧਾਰ ਲਏ ਸਨ। 25 ਮਾਰਚ ਦੀ ਰਾਤ ਨੂੰ ਤ੍ਰਿਪਾਠੀ ਉਸ ਨੂੰ ਢਾਬੇ ’ਤੇ ਮਿਲਣ ਆਇਆ ਅਤੇ ਉਸ ਨੇ ਹੋਰ ਪੈਸਿਆਂ ਦੀ ਮੰਗ ਕੀਤੀ ਅਤੇ ਜਦੋਂ ਉਸ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਤ੍ਰਿਪਾਠੀ ਨੇ ਉਸ ਉੱਪਰ ਗੋਲੀਆਂ ਚਲਾ ਦਿੱਤੀਆਂ। ਸ਼ਰਨਜੀਤ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਵਿੱਚ ਦਾਖ਼ਲ ਕਰਵਾਇਆ ਗਿਆ। ਸਦਰ ਪੁਲੀਸ ਫਰੀਦਕੋਟ ਨੇ ਰਾਮ ਪ੍ਰਸ਼ਾਦ ਤ੍ਰਿਪਾਠੀ ਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।