ਨਿੱਜੀ ਪੱਤਰ ਪ੍ਰੇਰਕ
ਮੋਗਾ, 2 ਮਈ
ਇਥੇ ਮਹਿੰਦਰ ਸਾਥੀ ਯਾਦਗਾਰੀ ਮੰਚ ਵੱਲੋਂ ਸੁਤੰਤਰਤਾ ਸੰਗਰਾਮੀ ਭਵਨ ਵਿੱਚ ਮਜ਼ਦੂਰ ਦਿਵਸ ਨੂੰ ਸਮਰਪਿਤ ਸਾਹਿਤਕ ਸਮਾਗਮ ਵਿੱਚ ਪੰਜਾਬੀ ਦੇ ਨਾਮਵਰ ਸ਼ਾਇਰ ਗੁਰਤੇਜ ਕੋਹਾਰਵਾਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕੈਨੇਡਾ ਰਹਿ ਰਹੀ ਸ਼ਾਇਰਾ ਸੁਰਿੰਦਰ ਗੀਤ ਸਮਾਗਮ ਦੇ ਵਿਸ਼ੇਸ਼ ਮਹਿਮਾਨ ਸਨ ਅਤੇ ਪ੍ਰਧਾਨਗੀ ਡਾ. ਅਜੀਤਪਾਲ ਜਿਲਾ ਭਾਸ਼ਾ ਅਫਸਰ , ਮਨਜੀਤ ਪੁਰੀ ਜ਼ਿਲ੍ਹਾ ਭਾਸ਼ਾ ਅਫਸਰ ਫਰੀਦਕੋਟ, ਗੁਰਬਚਨ ਸਿੰਘ ਸੰਘਾ ਅਤੇ ਮੰਚ ਦੇ ਜਨਰਲ ਸਕੱਤਰ ਰਣਜੀਤ ਸਰਾਂਵਾਲੀ ਨੇ ਕੀਤੀ।
ਇਸ ਮੌਕੇ ਪ੍ਰਸਿੱਧ ਚਿੰਤਕ ਡਾ. ਸੁਰਜੀਤ ਬਰਾੜ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ‘ਕੌਮਾਂਤਰੀ ਮਜ਼ਦੂਰ ਦਿਵਸ’ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ। ਜ਼ਿਲ੍ਹਾ ਭਾਸ਼ਾ ਅਫਸਰ ਮੋਗਾ ਡਾ. ਅਜੀਤਪਾਲ ਨੇ ਗੁਰਬਚਨ ਸੰਘਾ ਨੇ ਗੁਰਬਚਨ ਸਿੰਘ ਚਿੰਤਕ ਦੇ ਜੀਵਨ ਬਾਰੇ ਜਾਣਕਾਰੀ ਸਾਂਝੀ ਕੀਤੀ।
ਉੱਘੇ ਨਾਵਲਕਾਰ ਬਲਦੇਵ ਸੜਕਨਾਮਾ ਨੇ ਕਿਹਾ ਦੇਸ਼ ਵਿੱਚ ਵਧ ਰਹੀ ਕੱਟੜਤਾ ਖਤਰਨਾਕ ਹੈ। ਕਿਸੇ ਨੂੰ ਵੀ ਬਿਨਾਂ ਕੋਈ ਦੋਸ਼ ਦੇ ਫੜ੍ਹ ਕੇ ਜੇਲ੍ਹ ‘ਚ ਤੁੰਨਿਆ ਜਾ ਰਿਹਾ ਹੈ। ਨਾਮਵਰ ਸ਼ਾਇਰ ਗੁਰਤੇਜ ਕੋਹਾਰਵਾਲਾ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਲੇਖਕਾਂ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਸ਼ਬਦਾਂ ਅਤੇ ਕਲਮ ਰਾਹੀਂ ਜਾਗਦੇ ਰਹਿਣ ਦਾ ਹੋਕਾ ਦਿੰਦੇ ਰਹਿਣ।
ਇਸ ਮੌਕੇ ਸੁਰਿੰਦਰ ਗੀਤ ਨੇ ਕੈਨੇਡਾ ਦੀ ਧਰਤੀ ’ਤੇ ਰਹਿੰਦਿਆਂ ਕਿਰਤ ਦੀ ਲੁੱਟ ਰੋਕਣ ਲਈ ਕੀਤੇ ਸੰਘਰਸ਼ ਬਾਰੇ ਦੱਸਿਆ। ਗੁਰਬਚਨ ਸਿੰਘ ਚਿੰਤਕ ਨੇ ਕਿਹਾ ਕਿ ਆਖਰ ਨੂੰ ਕਿਰਤ ਦੀ ਜਿੱਤ ਹੋਣੀ ਹੈ। ਸ਼ਾਇਰੀ ਦੇ ਦੌਰ ਵਿੱਚ ਪ੍ਰੋ ਗੁਰਤੇਜ ਕੋਹਾਰਵਾਲਾ ਨੇ ਆਪਣੀਆਂ ਬਹੁਤ ਚਰਚਿਤ ਗਜਲਾਂ ਦੇ ਚੋਣਵੇਂ ਸ਼ੇਅਰ ਸਰੋਤਿਆਂ ਨਾਲ ਸਾਂਝੇ ਕੀਤੇ। ਇਸ ਮੌਕੇ ਪਟਿਆਲੇ ਤੋਂ ਪਹੁੰਚੇ ਮਸ਼ਹੂਰ ਰੰਗ ਕਰਮੀ ਅਨਾਇਤ ਨੇ ‘ਸੁਪਨਿਆ ਦਾ ਕਤਲ’ ਨਾਂ ਦਾ ਸੋਲੋ ਨਾਟਕ ਪੇਸ਼ ਕੀਤਾ, ਜਿਸਨੇ ਸਾਰਿਆਂ ਦੀਆਂ ਅੱਖਾਂ ਨਮ ਕਰ ਦਿੱਤੀਆਂ। ਇਸ ਮੌਕੇ ਸਮਾਜ ਭਲਾਈ ਕਾਰਜਾਂ ਅਤੇ ਸਾਹਿਤਕ ਦੇਣ ਲਈ ਗੁਰਬਚਨ ਚਿੰਤਕ ਨੂੰ ਸਨਮਾਨਿਤ ਕੀਤਾ ਗਿਆ। ਮੰਚ ਵਲੋਂ ਸੇਵਾ ਮੁਕਤ ਹੋਣ ਦੇ ਬਾਅਦ ਵੀ ਪੜ੍ਹਾਉਣਾ ਜਾਰੀ ਰੱਖਣ ਵਾਲੇ ਕਰਮਸ਼ੀਲ ਅਧਿਆਪਕ ਗੁਰਮੇਲ ਬੌਡੇ ਨੂੰ ਮਜ਼ਦੂਰ ਦਿਵਸ ’ਤੇ ਵਿਸ਼ੇਸ਼ ਸਨਮਾਨ ਦਿੱਤਾ ਗਿਆ।