ਪੱਤਰ ਪ੍ਰੇਰਕ
ਝੁਨੀਰ, 19 ਸਤੰਬਰ
ਦੋ ਤਿੰਨ ਦਿਨਾਂ ਤੋਂ 5 ਤੋਂ 7 ਫੀਸਦੀ ਦੇ ਕਰੀਬ ਅਗੇਤੇ ਬੀਜੇ ਨਰਮੇ ਦੀ ਫ਼ਸਲ ਮਾਰਕੀਟ ਵਿੱਚ ਆਉਣੀ ਸ਼ੁਰੂ ਹੋ ਗਈ ਹੈ। ਬਜ਼ੁਰਗ ਕਿਸਾਨ ਆਗੂ ਨਿਰਮਲ ਸਿੰਘ ਝੰਡੂਕਾ, ਦਰਸ਼ਨ ਸਿੰਘ ਸਾਬਕਾ ਸਰਪੰਚ ਜਟਾਣਾ ਕੋਠੇ ਅਤੇ ਸੇਵਾਮੁਕਤ ਮੁੱਖ ਅਧਿਆਪਕ ਗੁਰਜੰਟ ਸਿੰਘ ਝੁਨੀਰ ਅਤੇ ਨਰਮਾ ਉਤਪਾਦਕ ਦੇ ਇੱਕ ਵਫਦ ਨੇ ਦੱਸਿਆ ਕਿ ਮੰਡੀਆਂ ਵਿੱਚ ਸੀਸੀਆਈ ਵੱਲੋਂ ਨਰਮੇ ਦੀ ਖ਼ਰੀਦ ਨਾ ਕੀਤੇ ਜਾਣ ਕਾਰਨ ਕਪਾਹ ਦੇ ਵਪਾਰੀ ਆਪਸ ਵਿੱਚ ਮਿਲ ਕੇ ਨਰਮੇ ਦੀ 4300 ਤੋਂ ਲੈ ਕੇ 4600 ਰੁਪਏ ਤੱਕ ਪ੍ਰਤੀ ਕੁਇੰਟਲ ਦੇ ਭਾਅ ਨਾਲ ਖਰੀਦ ਕਰ ਰਹੇ ਹਨ। ਨਰਮਾ ਉਤਪਾਦਕਾਂ ਨੇ ਦੱਸਿਆ ਕਿ ਭਾਵੇਂ ਨਰਮਾ ਕਾਫੀ ਸੁੱਕਾ ਵੀ ਹੋਵੇ ਤਾਂ ਵੀ ਕਣਕ ਦੇ ਵਪਾਰੀ ਨਰਮੇ ਦੀਆਂ ਮੰਡੀਆਂ ਵਿੱਚ ਲੱਗੀਆਂ ਢੇਰੀਆਂ ਨੂੰ 2-3 ਦਿਨਾਂ ਉਪਰੰਤ ਸੁੱਕਣ ’ਤੇ ਹੀ ਖਰੀਦਦੇ ਹਨ। ਕਿਸਾਨਾਂ ਨੇ ਨਰਮੇ ਦੀ ਖਰੀਦ ਕੇਂਦਰੀ ਏਜੰਸੀ ਆਈਸੀਆਈ ਰਾਹੀਂ ਖਰੀਦੇ ਜਾਣ ਅਤੇ ਸੁੱਕੇ ਹੋਏ ਨਰਮੇ ਦੀ ਖਰੀਦ ਉਸ ਦਿਨ ਹੀ ਕੀਤੇ ਜਾਣ ਦੀ ਮੰਗ ਕੀਤੀ ਹੈ।