ਰਵਿੰਦਰ ਰਵੀ/ਪ੍ਰਸ਼ੋਤਮ ਬੱਲੀ
ਬਰਨਾਲਾ, 17 ਸਤੰਬਰ
ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਜਨਤਕ ਮਸਲਿਆਂ ਦੇ ਹੱਲ ਦਾ ਅਹਿਮ ਜ਼ਰੀਆ ਹੈ। ਇਹ ਗੱਲਾਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਅਤੇ ਚੇਅਰਮੈਨ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਵੱਲੋਂ ਇੱਥੇ ਹੋਈ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਦੌਰਾਨ ਬਲਬੀਰ ਸਿੰਘ ਸਿੱਧੂ ਨੇ ਕਹੀਆਂ। ਉਨ੍ਹਾਂ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰਾਂ ਵੱਲੋਂ ਉਠਾਏ ਗਏ ਲੋਕ ਮਸਲੇ ਸੁਣੇ ਅਤੇ ਸਬੰਧਤ ਮਸਲਿਆਂ ਦੇ ਸਮਾਂਬੱਧ ਨਬਿੇੜੇ ’ਤੇ ਜ਼ੋਰ ਦਿੱਤਾ। ਕਮੇਟੀ ਮੈਂਬਰ ਅਤੇ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ ਨੇ ਆਖਿਆ ਕਿ ਬਰਨਾਲਾ ਜ਼ਿਲ੍ਹੇ ਦੇ ਬਹੁਪੱਖੀ ਵਿਕਾਸ ’ਤੇ ਲਗਾਤਾਰ ਜ਼ੋਰ ਦਿੱਤਾ ਜਾ ਰਿਹਾ ਹੈ। ਕਮੇਟੀ ਮੈਂਬਰ ਅਤੇ ‘ਆਪ’ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਵੀ ਜਨਤਕ ਮੁੱਦੇ ਉਠਾਏ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਵੀ ਹਾਜ਼ਰ ਰਹੇ।
ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਵੱਲੋਂ 19 ਸ਼ਿਕਾਇਤਾਂ ਵਿਚਾਰੀਆਂ ਗਈਆਂ, ਜਿਨ੍ਹਾਂ ਵਿਚ ਨਗਰ ਕੌਂਸਲ ਧਨੌਲਾ ਨੂੰ ਵਿਕਾਸ ਕੰਮਾਂ ਲਈ ਪ੍ਰਾਪਤ ਹੋਣ ਵਾਲੀ ਗ੍ਰਾਂਟ ਵਿੱਚੋਂ ਸਲੱਮ ਏਰੀਆ ਦੇ ਕੰਮ ਨੂੰ ਪਹਿਲ ਦੇ ਆਧਾਰ ’ਤੇ ਕਰਨ ਸਬੰਧੀ, ਧਨੌਲਾ ਬੱਸ ਸਟੈਂਡ ਵਿੱਚ ਟ੍ਰੈਫਿਕ ’ਚ ਪੈ ਰਹੇ ਵਿਘਨ, ਝਲੂਰ ਦੀ ਸਰਕਾਰੀ ਡਿਸਪੈਂਸਰੀ ਦੀ ਚਾਰ-ਦੀਵਾਰੀ ਕਰਵਾਉਣ ਸਬੰਧੀ, ਗਰਚਾ ਰੋਡ ਉਪਰ ਲਾਈਟਾਂ ਸਬੰਧੀ, ਲਾਈਟਾਂ ਠੀਕ ਕਰਵਾਉਣ ਸਣੇ ਹੋਰ ਮਸਲੇ ਸ਼ਾਮਲ ਸਨ। ਮੀਟਿੰਗ ’ਚ ਕਮੇਟੀ ਮੈਂਬਰਾਂ ਤੋਂ ਇਲਾਵਾ ਜ਼ਿਲਾ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਹਾਜ਼ਰ ਸਨ।
ਸਿਹਤ ਮੰਤਰੀ ਬਲਬੀਰ ਸਿੰੰਘ ਸਿੱਧੂ ਵੱਲੋਂ ਅੱਜ ਕੌਮੀ ਸ਼ਾਹਰਾਹ ’ਤੇ ਬਣਨ ਵਾਲੇ ਸੁਪਰ ਸਪੈਸ਼ਲਿਟੀ ਹਸਪਤਾਲ ਵਾਲੀ ਥਾਂ ਦਾ ਦੌਰਾ ਕੀਤਾ ਗਿਆ। ਉੁਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਵਿੱਚ ਸਿਹਤ ਸਹੂਲਤਾਂ ਨੂੰ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ। ਉੁਨ੍ਹਾਂ ਕਿਹਾ ਕਿ ਸੁਪਰ ਸਪੈਸ਼ਲਿਟੀ ਹਸਪਤਾਲ ਬਰਨਾਲਾ ਲਈ ਵਰਦਾਨ ਸਾਬਤ ਹੋਵੇਗਾ।
ਮੁੱਖ ਮੰਤਰੀ ਬਰਨਾਲਾ ’ਚ 20 ਨੂੰ ਰੱਖਣਗੇ ਹਸਪਤਾਲ ਦਾ ਨੀਂਹ ਪੱਥਰ
ਬਰਨਾਲਾ: ‘ਬਰਨਾਲਾ ਜ਼ਿਲ੍ਹੇ ਦੇ ਲੋਕਾਂ ਨਾਲ ਕੀਤੇ ਆਪਣੇ ਵਾਅਦੇ ਅਨੁਸਾਰ ਸਿਹਤ ਸਹੂਲਤਾਂ ਦੀ ਪੁਖਤਗੀ ਲਈ ਇੱਕ ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਅਤੇ ਟਰੌਮਾ ਸੈਂਟਰ ਸਥਾਨਕ ਹੰਡਿਆਇਆ ਚੌਕ ਨੇੜੇ ਨਗਰ ਕੌਂਸਲ ਬਰਨਾਲਾ ਦੀ ਜਗ੍ਹਾ ’ਚ ਸਥਾਪਤ ਕੀਤਾ ਜਾ ਰਿਹਾ ਹੈ। ਜਿਸ ਦਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ 20 ਸਤੰਬਰ ਨੂੰ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ।’ ਹਲਕਾ ਬਰਨਾਲਾ ਇੰਚਾਰਜ ਕੇਵਲ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਮੌਕੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਵੀ ਸ਼ਮੂਲੀਅਤ ਕਰਨਗੇ। ਸ੍ਰੀ ਢਿੱਲੋਂ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਇਸ ਤਰ੍ਹਾਂ ਦੇ ਸਿਰਫ ਦੋ ਹੀ ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਹਨ। ਇਸ ਪ੍ਰਸ਼ਤਾਵਿਤ ਹਸਪਤਾਲ ’ਤੇ 100 ਕਰੋੜ ਦੇ ਕਰੀਬ ਖਰਚ ਆਵੇਗਾ, ਜਿਸ ਲਈ ਪਹਿਲੇ ਪੜਾਅ ’ਚ 40 ਕਰੋੜ ਦੀ ਗ੍ਰਾਂਟ ਜਾਰੀ ਹੋ ਚੁੱਕੀ ਹੈ।