ਜੋਗਿੰਦਰ ਸਿੰਘ ਮਾਨ
ਮਾਨਸਾ, 10 ਸਤੰਬਰ
ਪੰਜਾਬ ਸਰਕਾਰ ਦਾ ਪੀਆਰਟੀਸੀ ਅਤੇ ਰੋਡਵੇਜ਼ ਦੇ ਕਾਮਿਆਂ ਨਾਲ ਲਗਾਤਾਰ 5 ਦਿਨਾਂ ਤੋਂ ਕੋਈ ਵੀ ਸਮਝੌਤਾ ਨਾ ਹੋਣ ਕਾਰਨ ਅੱਜ ਫਿਰ ਲੋਕਾਂ ਨੂੰ ਸਫਰ ਕਰਨ ਲਈ ਖੱਜਲ-ਖੁਆਰ ਹੋਣਾ ਪਿਆ। ਅੱਜ ਸਰਕਾਰੀ ਲਾਰੀਆਂ ਦੇ ਬੰਦ ਰਹਿਣ ਦੇ ਨਾਲ-ਨਾਲ ਹੜਤਾਲੀ ਕਾਮਿਆਂ ਵੱਲੋਂ ਚਾਰ ਘੰਟਿਆਂ ਲਈ ਬੰਦ ਕੀਤੇ ਬੱਸ ਅੱਡਿਆਂ ਕਾਰਨ ਵੀ ਪੈਪਸੂ ਕਾਰਪੋਰੇਸ਼ਨ ਦੀ ਸਭ ਤੋਂ ਵੱਧ ਪਿਆਰੀ ਸਵਾਰੀ ਨੂੰ ਹੀ ਪ੍ਰੇਸ਼ਾਨੀਆਂ ਦਾ ਸੰਤਾਪ ਝੱਲਣਾ ਪਿਆ। ਅੱਡਿਆਂ ’ਤੇ ਖੜ੍ਹੀਆਂ ਬਿਰਧ ਸਵਾਰੀਆਂ ਅਤੇ ਨਿਆਣਿਆਂ ਦਾ ਮਾੜਾ ਹਾਲ ਸੀ।
ਲੋਕਾਂ ਦੀ ਕਈ ਦਿਨਾਂ ਤੋਂ ਬਣੀ ਇਸ ਤਕਲੀਫ਼ ਲਈ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਕੋਈ ਬਦਲਵਾਂ ਪ੍ਰਬੰਧ ਨਹੀਂ ਕੀਤਾ ਗਿਆ ਹੈ। ਲੋਕ ਸਭ ਤੋਂ ਵੱਧ ਤੰਗ ਸਵੇਰੇ ਸ਼ਾਮ ਹੁੰਦੇ ਹਨ, ਜਦੋਂ ਦੂਰ ਦਰਾਡੇ ਦਾ ਸਫ਼ਰ ਕਰਨ ਲਈ ਜਾਣਾ ਪੈਂਦਾ ਹੈ। ਔਰਤਾਂ ਨੂੰ ਸਰਕਾਰੀ ਬੱਸਾਂ ਵਿਚ ਮੁਫਤ ਸਫ਼ਰ ਦੀ ਸਹੂਲਤ ਦਾ ਜਨਾਜ਼ਾ ਵੀ ਇਸ ਹੜਤਾਲ ਨੇ ਕੱਢ ਦਿੱਤਾ ਹੈ।
ਉਧਰ ਅੱਜ ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮੰਨਾਉਣ ਲਈ ਅੜੇ ਬੱਸ ਕਰਮਚਾਰੀਆਂ ਨੇ ਅੱਜ ਲਗਾਤਾਰ ਚੌਥੇ ਦਿਨ ਵੀ ਰਾਜ ਭਰ ਵਿੱਚ ਬੱਸਾਂ ਬੰਦ ਰੱਖਣ ਦਾ ਆਪਣਾ ਫੈਸਲਾ ਕਾਇਮ ਰੱਖਿਆ ਹੋਇਆ ਹੈ।
ਉਧਰ ਅੱਜ ਪੰਜਾਬ ਸਰਕਾਰ ਵੱਲੋਂ ਪਨਬਸ, ਰੋਡਵੇਜ਼, ਪੀਆਰਟੀਸੀ ਵਰਕਰਜ਼ ਯੂਨੀਅਨ ਨੂੰ ਮੁੜ ਗੱਲਬਾਤ ਦਾ ਸੱਦਾ ਦਿੱਤਾ ਗਿਆ ਹੈ। ਸਰਕਾਰ ਨੇ ਇਹ ਸੱਦਾ ਖਰੜ ਦੇ ਐੱਸਡੀਐੱਮ ਰਾਹੀਂ ਲਿਖ਼ਤੀ ਪੱਤਰ ਦੇ ਰੂਪ ਵਿਚ ਭੇਜਿਆ ਗਿਆ ਹੈ, ਜਿਸ ਵਿਚ 14 ਸਤੰਬਰ ਨੂੰ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਕਮਰਾ ਨੰਬਰ 15, ਦੂਜੀ ਮੰਜ਼ਲਿ, ਮੁੱਖ ਮੰਤਰੀ ਦਫ਼ਤਰ ਵਿਖੇ ਮੀਟਿੰਗ ਲਈ ਪੁੱਜਣ ਦੀ ਅਪੀਲ ਕੀਤੀ ਗਈ ਹੈ।
ਜਥੇਬੰਦੀ ਨੇ ਆਗੂ ਕਮਲ ਕੁਮਾਰ ਅਤੇ ਰੇਸ਼ਮ ਸਿੰਘ ਗਿੱਲ ਨੇ ਇਸ ਪੱਤਰਕਾਰ ਨੂੰ ਫੋਨ ਰਾਹੀਂ ਦੱਸਿਆ ਕਿ ਭਲਕੇ 11 ਸਤੰਬਰ ਨੂੰ ਡਿੱਪੂਆਂ ਵਿਚ ਧਰਨੇ, 12 ਸਤੰਬਰ ਨੂੰ ਵਿਧਾਇਕਾਂ, ਵਜ਼ੀਰਾਂ, ਸੰਸਦੀ ਮੈਂਬਰਾਂ ਦੇ ਘਰਾਂ ਅੱਗੇ ਦੋ ਘੰਟਿਆਂ ਲਈ ਸ਼ਾਂਤਮਈ ਧਰਨੇ, ਅਤੇ 13 ਸਤੰਬਰ ਨੂੰ ਹਰ ਡਿਪੂ ਵਾਲੇ ਸ਼ਹਿਰ ਵਿਤ ਢੋਲ ਮਾਰਚ ਕੱਢਿਆ ਜਾਵੇਗਾ। ਜਥੇਬੰਦੀ ਵੱਲੋਂ 14 ਸਤੰਬਰ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਵਿੱਚ ਵੀ ਜਾਣ ਦਾ ਫੈਸਲਾ ਲਿਆ ਗਿਆ ਹੈ ਅਤੇ ਜਥੇਬੰਦੀ ਨੇ ਪੱਤਰ ਮਿਲਣ ਤੋਂ ਮਗਰੋਂ ਵੀ ਹੜਤਾਲ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।