ਪਰਮਜੀਤ ਸਿੰਘ
ਫ਼ਾਜ਼ਿਲਕਾ, 12 ਅਕਤੂਬਰ
ਫ਼ਾਜ਼ਿਲਕਾ ਦੀ ਮੁੱਖ ਅਨਾਜ ਮੰਡੀ ’ਚ ਲਿਫ਼ਟਿੰਗ ਦੇ ਠੇਕੇ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਫ਼ਾਜ਼ਿਲਕਾ ਤੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਵਲੋਂ ਸੁਣਵਾਈ ਨਾ ਹੋਣ ਨੂੰ ਲੈ ਕੇ ਆਪਣੀ ਹੀ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਖ਼ਿਲਾਫ਼ ਡਿਪਟੀ ਕਮਿਸ਼ਨਰ ਦਫ਼ਤਰ ਫ਼ਾਜ਼ਿਲਕਾ ਦੇ ਬਹਾਰ ਰੋਸ ਧਰਨਾ ਦਿੱਤਾ ਗਿਆ।
ਜਿਸ ’ਚ ਫ਼ਿਰੋਜ਼ਪੁਰ ਲੋਕਸਭਾ ਦੇ ਸਾਬਕਾ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਵੀ ਸ਼ਾਮਲ ਹੋਏ ਅਤੇ ਧਰਨੇ ’ਤੇ ਬੈਠੇ। ਇਸ ਮੌਕੇ ਵਿਧਾਇਕ ਦਵਿੰਦਰ ਸਿੰਘ ਸਿੰਘ ਘੁਬਾਇਆ ਅਤੇ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਫ਼ਾਜ਼ਿਲਕਾ ਦੀ ਅਨਾਜ ਮੰਡੀ ਦੇ ਲਿਫ਼ਟਿੰਗ ਦਾ ਠੇਕਾ ਰੱਦ ਕੀਤਾ ਜਾਵੇ ਅਤੇ ਠੇਕੇਦਾਰ ਨੂੰ ਬਲੈਕ ਲਿਸਟ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਿਛਲੇ ਇਕ ਹਫ਼ਤੇ ਤੋਂ ਮੰਡੀ ’ਚ ਲਿਫ਼ਟਿੰਗ ਰੁਕੀ ਹੋਈ ਹੈ, ਜਿਸ ਨਾਲ ਆੜ੍ਹਤੀਏ ਅਤੇ ਕਿਸਾਨ ਪਰੇਸ਼ਾਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਬੜੇ ਘੱਟ ਰੇਟਾਂ ’ਤੇ ਠੇਕੇਦਾਰ ਵੱਲੋਂ ਟੈਂਡਰ ਚੁੱਕਿਆ ਗਿਆ ਹੈ, ਜਿਸ ਨੂੰ ਰੱਦ ਕਰਕੇ ਕਿਸੇ ਹੋਰ ਨੂੰ ਲਿਫ਼ਟਿੰਗ ਦਾ ਟੈਂਡਰ ਕੀਤਾ ਜਾਵੇ, ਕਿਉਂਕਿ ਠੇਕੇਦਾਰ ਬਾਹਰਲੇ ਟਰੱਕਾਂ ਨੂੰ ਲਿਆ ਕੇ ਲਿਫ਼ਟਿੰਗ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਿਸ ਤੋਂ ਬਾਅਦ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਸੜਕ ਦੇ ਵਿਚਕਾਰ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਜਿਸ ਕਾਰਨ ਸੜਕ ਦੇ ਦੋਵਾਂ ਪਾਸੇ ਦੀ ਆਵਾਜਾਈ ਠੱਪ ਹੋ ਗਈ। ਜਿਸ ਕਾਰਨ ਫ਼ਾਜ਼ਿਲਕਾ ਪੁਲੀਸ ਨੇ ਫ਼ਾਜ਼ਿਲਕਾ ਤੋਂ ਅਬੋਹਰ ਅਤੇ ਅਬੋਹਰ ਤੋਂ ਫ਼ਾਜ਼ਿਲਕਾ ਆਉਣ ਜਾਣ ਵਾਲੇ ਵਹੀਕਲਾਂ ਨੂੰ ਗੁਪਤਾ ਗੇਂਸ ਗਡਾਉਣ ਦੇ ਸਾਹਮਣੇ ਤੋਂ ਅਤੇ ਟੀਵੀ ਟਾਵਰ ਦੇ ਅਗੇ ਤੋਂ ਜਾਣ ਵਾਲੀ ਸੜਕ ਤੋਂ ਲਾਲਬਤੀ ਚੌਕ ਤੱਕ ਪਹੁੰਚਾਇਆ। ਇਸ ਦੌਰਾਨ ਆਉਣ ਜਾਣ ਵਾਲੇ ਵਹੀਕਲ ਚਾਲਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਸਬੰਧੀ ਲੋਕਾਂ ਵੱਲੋਂ ਕਾਂਗਰਸੀ ਵਿਧਾਇਕ ਦਵਿੰਦਰ ਘੁਬਾਇਆ ਅਤੇ ਉਸ ਦੇ ਸਾਬਕਾ ਸੰਸਦ ਮੈਂਬਰ ਪਿਤਾ ਸ਼ੇਰ ਸਿੰਘ ਘੁਬਾਇਆ ਵੱਲੋਂ ਧਰਨੇ ਤੇ ਬੈਠਣ ਦੀ ਖਿੱਲੀ ਉਡਾਈ ਗਈ ਕਿ ਉਨ੍ਹਾਂ ਦੀ ਸਰਕਾਰ ਹੋਣ ਦੇ ਬਾਵਜੂਦ ਜੇਕਰ ਨਹੀਂ ਚੱਲਦੀ ਤਾਂ ਆਮ ਲੋਕਾਂ ਦਾ ਕੀ ਬਣੂੰ?