ਪੱਤਰ ਪ੍ਰੇਰਕ
ਬਠਿੰਡਾ, 12 ਜੂਨ
ਅਕਾਲੀ ਦਲ ਦੇ ਸਾਬਕਾ ਕੌਂਸਲਰ ਵਿਜੇ ਕੁਮਾਰ ਵੱਲੋਂ ਅੱਜ ਬਠਿੰਡਾ ਦੀ ਸਰਹਿੰਦ ਕੈਨਾਲ ਨਹਿਰ ਵਿੱਚ ਬੈਠ ਕੇ ਤਕਰੀਬਨ ਢਾਈ ਸਵੇਰੇ 11.30 ਤੋਂ ਦੁਪਹਿਰ 2.30 ਢਾਈ ਘੰਟੇ ਹੱਥ ਵਿੱਚ ਮਾਲਾ ਫੜ ਕੇ ਤਪ ਕਰਦਿਆਂ ਅਨੋਖਾ ਪ੍ਰਦਰਸ਼ਨ ਕੀਤਾ ਗਿਆ। ਵਿਜੇ ਕੁਮਾਰ ਨੇ ਨਗਰ ਨਿਗਮ ਅਤੇ ਨਹਿਰੀ ਵਿਭਾਗ ਨੂੰ ਘੇਰਦਿਆਂ ਕਿਹਾ ਕਿ ਜਿੱਥੇ ਨਹਿਰ ਮਹਿਕਮਾ ਗਰਮੀ ਦੇ ਮੌਸਮ ਵਿੱਚ ਮਹੀਨੇ ਦਾ ਕੱਟ ਲਗਾ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਦਾ ਹੈ, ਉੱਥੇ ਨਗਰ ਨਿਗਮ ਵੱਲੋਂ ਵੀ ਪਾਣੀ ਦੇ ਪੁਖਤਾ ਪ੍ਰਬੰਧ ਨਾ ਕੀਤੇ ਜਾਣ ਕਾਰਨ ਸ਼ਹਿਰ ਵਾਸੀ ਪਿਆਸੇ ਮਰ ਰਹੇ ਹਨ।
ਉਨ੍ਹਾਂ ਨਹਿਰੀ ਵਿਭਾਗ ’ਤੇ ਦੋਸ਼ ਲਾਏ ਕਿ 27 ਕਰੋੜ ਰੁਪਏ ਦੀ ਲਾਗਤ ਨਾਲ ਨਹਿਰ ਨੂੰ ਪੱਕਾ ਕਰ ਦਿੱਤਾ ਗਿਆ ਹੈ ਜਦੋਂਕਿ ਬੰਦੀ ਦੌਰਾਨ ਸੁੱਕੀ ਹੋਈ ਨਹਿਰ ਦਾ ਫ਼ਾਇਦਾ ਉਠਾਉਂਦਿਆਂ ਸਫ਼ਾਈ ਕੀਤੀ ਜਾ ਸਕਦੀ ਸੀ ਪਰ ਇਸ ਦੀ ਸਫ਼ਾਈ ਵੱਲ ਧਿਆਨ ਨਹੀਂ ਦਿੱਤਾ ਗਿਆ ਜਿਸ ਕਾਰਨ ਨਹਿਰੀ ਮਹਿਕਮੇ ਦੀ ਨਾਲਾਇਕੀ ਕਾਰਨ ਲੋਕਾਂ ਨੂੰ ਗੰਦਗੀ ਵਾਲਾ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਗਰ ਨਿਗਮ ਬਠਿੰਡਾ ਖ਼ਿਲਾਫ਼ ਇਕੱਠੇ ਹੋਣ ਕਿਉਂਕਿ ਨਿਗਮ ਵੱਲੋਂ ਥਰਮਲ ਦੀਆਂ ਝੀਲਾਂ ਦੇ ਪਾਣੀ ਦੀ ਵਰਤੋਂ ਕਰ ਕੇ ਸ਼ਹਿਰ ਵਾਸੀਆਂ ਨੂੰ ਸਪਲਾਈ ਦੇਣ ਦਾ ਦਾਅਵਾ ਕੀਤਾ ਗਿਆ ਸੀ।