ਪੱਤਰ ਪ੍ਰੇਰਕ
ਮਾਨਸਾ, 12 ਅਪਰੈਲ
ਬੇਸ਼ੱਕ ਇੱਕ ਹਫ਼ਤੇ ਤੋਂ ਮਾਲਵਾ ਖੇਤਰ ਵਿੱਚ ਲਗਾਤਾਰ ਪਾਰਾ ਉਪਰ ਜਾ ਰਿਹਾ ਹੈ, ਪਰ ਹੁਣ ਅਗਲੇ ਦੋ ਦਿਨਾਂ ਬਾਅਦ ਇਸ ਤਾਪਮਾਨ ਦੇ ਵੱਡੀ ਪੱਧਰ ’ਤੇ ਹੇਠਾਂ ਆਉਣ ਦੀ ਆਸ ਉਸ ਵੇਲੇ ਪੈਦਾ ਹੋ ਗਈ, ਜਦੋਂ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਰਿਪੋਰਟ ਅਨੁਸਾਰ ਭਲਕੇ 13 ਅਪਰੈਲ ਤੋਂ ਪੰਜਾਬ ਵਿੱਚ ਗੜੇ/ਗਰਜ਼-ਚਮਕ ਨਾਲ ਕਣੀਆਂ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇਸ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ ਆਉਣ ਵਾਲੇ ਦੋ ਦਿਨ ਦੌਰਾਨ ਮਾਲਵਾ ਖੇਤਰ ਵਿੱਚ ਗਰਜ਼/ਚਮਕ ਬਾਅਦ ਮੀਂਹ ਪੈਣ ਦੀ ਸੰਭਾਵਨਾ ਤੇ ਤੇਜ਼ ਹਵਾਵਾਂ ਚੱਲਣ ਦਾ ਅਨੁਮਾਨ ਹੈ।