ਤਿੰਨ ਦਿਨ ਸੰਘਣੀ ਧੁੰਦ ਪੈਣ ਦੀ ਪੇਸ਼ੀਨਗੋਈ : The Tribune India

ਤਿੰਨ ਦਿਨ ਸੰਘਣੀ ਧੁੰਦ ਪੈਣ ਦੀ ਪੇਸ਼ੀਨਗੋਈ

ਆਮ ਜਨ-ਜੀਵਨ ਉਤੇ ਭਾਰੀ ਅਸਰ; ਰੇਲ ਗੱਡੀਆਂ ਤੇ ਵਾਹਨਾਂ ਦੀ ਰਫ਼ਤਾਰ ਪਈ ਮੱਠੀ

ਤਿੰਨ ਦਿਨ ਸੰਘਣੀ ਧੁੰਦ ਪੈਣ ਦੀ ਪੇਸ਼ੀਨਗੋਈ

ਮਾਨਸਾ ਨੇੜੇ ਪਈ ਸੰਘਣੀ ਧੁੰਦ ’ਚੋਂ ਲਾਈਟਾਂ ਜਗਾ ਕੇ ਲੰਘਦੇ ਹੋਏ ਵਾਹਨ। - ਫੋਟੋ: ਸੁਰੇਸ਼

ਜੋਗਿੰਦਰ ਸਿੰਘ ਮਾਨ
ਮਾਨਸਾ, 9 ਦਸੰਬਰ

ਹਿਮਾਚਲ ਅਤੇ ਕਸ਼ਮੀਰ ਵਿੱਚ ਬਰਫ਼ ਪੈਣ ਕਾਰਨ ਪੰਜਾਬ ਤੇ ਹਰਿਆਣਾ ਦੇ ਮੈਦਾਨੀ ਇਲਾਕਿਆਂ ਵਿੱਚ ਪਏ ਰਹੀ ਸੰਘਣੀ ਧੁੰਦ ਕਾਰਨ ਆਮ ਜਨ-ਜੀਵਨ ਉਤੇ ਭਾਰੀ ਅਸਰ ਪੈਣ ਲੱਗਿਆ ਹੈ। ਮੌਸਮ ਮਹਿਕਮੇ ਨੇ ਲਗਾਤਾਰ ਤਿੰਨ ਦਿਨ ਹੋਰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਧੁੰਦ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਧੁੰਦ ਕਾਰਨ ਅੱਜ ਰੇਲ ਗੱਡੀਆਂ, ਬੱਸਾਂ ਆਮ ਨਾਲੋਂ ਪਛੜਕੇ ਪੁੱਜੀਆਂ, ਜਿਸ ਕਾਰਨ ਸਰਕਾਰੀ ਦਫ਼ਤਰਾਂ, ਕਾਲਜਾਂ, ਸਕੂਲਾਂ ਵਿੱਚ ਸਟਾਫ਼ ਅਤੇ ਵਿਦਿਆਰਥੀਆਂ ਨੂੰ ਲੇਟ ਪਹੁੰਚਣਾ ਪਿਆ। ਧੁੰਦ ਕਾਰਨ ਵਾਹਨਾਂ ਦੀ ਰਫ਼ਤਾਰ ਮੱਠੀ ਹੋ ਗਈ ਅਤੇ ਲਾਈਟਾਂ ਲਗਾ ਕੇ ਗੱਡੀਆਂ ਨੂੰ ਚਲਾਉਣਾ ਪਿਆ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਵਿਗਿਆਨੀ ਡਾ.ਰਾਜ ਕੁਮਾਰ ਪਾਲ ਨੇ ਦੱਸਿਆ ਕਿ ਪੰਜਾਬ ਦੇ ਮਾਲਵਾ ਖੇਤਰ ਵਿੱਚ ਮਾਨਸਾ ਸਣੇ ਬਰਨਾਲਾ, ਲੁਧਿਆਣਾ, ਬਠਿੰਡਾ, ਮੋਗਾ, ਮੁਕਤਸਰ, ਫਰੀਦਕੋਟ, ਫਾਜ਼ਿਲਕਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਸਵੇਰ ਸਮੇਂ ਸੰਘਣੀ ਧੁੰਦ ਪੈਣ ਕਾਰਨ ਆਮ ਜਨ-ਜੀਵਨ ਭਾਰੀ ਪ੍ਰਭਾਵਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜ਼ਿਲ੍ਹਿਆਂ ਵਿੱਚ ਲਗਾਤਾਰ ਤਿੰਨ ਦਿਨ ਹੋਰ ਧੁੰਦ ਪੈਣ ਦੀਆਂ ਸੰਭਾਵਨਾਵਾਂ ਹਨ, ਜਦੋਂਕਿ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਨਵਾਂ ਸ਼ਹਿਰ, ਜਲੰਧਰ, ਕਪੂਰਥਲਾ ਵਿੱਚ ਚਾਰ ਧੁੰਦ ਪੈਣ ਦੀ ਪੂਰੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ 4-5 ਦਿਨ ਮੌਸਮ ਆਮ ਤੌਰ ’ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਤੇ ਵੱਧ ਤੋਂ ਵੱਧ ਤਾਪਮਾਨ 24 ਤੋਂ 25 ਡਿਗਰੀ ਸੈਟੀਗਰੇਡ ਰਹਿਣ ਦੀ ਉਮੀਦ ਹੈ, ਜਦੋਂਕਿ ਘੱਟੋ-ਘੱਟ ਤਾਪਮਾਨ 2 ਡਿਗਰੀ ਆਮ ਨਾਲੋਂ ਹੇਠਾਂ ਜਾਣ ਦੀਆਂ ਸੰਭਾਵਨਾਵਾਂ ਹਨ।

ਉਧਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀ.ਐਸ ਰੋਮਾਣਾ ਨੇ ਦੱਸਿਆ ਕਿ ਭਾਵੇਂ ਇਸ ਧੁੰਦ ਨਾਲ ਆਮ ਜਨ-ਜੀਵਨ ’ਤੇ ਬੁਰੀ ਤਰ੍ਹਾਂ ਅਸਰ ਪੈਣ ਲੱਗਿਆ ਹੈ, ਪਰ ਇਹ ਹਾੜੀ ਦੀਆਂ ਸਾਰੀਆਂ ਫ਼ਸਲਾਂ ਲਈ ਲਾਭਦਾਇਕ ਮੰਨੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਣਕ ਦੇ ਬੂਟਿਆਂ ਦੇ ਫੁਟਾਰੇ ਲਈ ਤੇ ਕਿੰਨੂਆਂ ਦੀ ਮਿਠਾਸ ਲਈ ਇਸ ਧੁੰਦ ਨੂੰ ਗੁਣਕਾਰੀ ਮੰਨਿਆ ਜਾਂਦਾ ਹੈ।

ਇਸੇ ਦੌਰਾਨ ਟਰੈਫ਼ਿਕ ਵਿਭਾਗ ਵੱਲੋਂ ਇੱਕ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਧੁੰਦ ਲਈ ਪੀਲੀਆਂ ਲਾਈਟਾਂ ਤੇ ਹਰ ਸਮੇਂ ਹੈਡ ਲਾਈਟਾਂ ਨੂੰ ਚੱਲਦਾ ਰੱਖਣ ਦੀ ਅਪੀਲ ਕੀਤੀ ਗਈ ਹੈ। ਪੁਲੀਸ ਵੱਲੋਂ ਗੱਡੀਆਂ ਦੇ ਮਗਰ ਰਿਫ਼ਲੈਕਟਰ ਲਗਾਉਣੇ ਲਾਜ਼ਮੀ ਕੀਤੇ ਗਏ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All