ਪਰਮਜੀਤ ਸਿੰਘ
ਫਾਜ਼ਿਲਕਾ, 2 ਮਾਰਚ
ਦੇਸ਼ ਦੀ ਆਜ਼ਾਦੀ ਨੂੰ ਕਈ ਦਹਾਕੇ ਬੀਤ ਜਾਣ ਦੇ ਬਾਵਜੂਦ ਅੱਜ ਵੀ ਗ਼ਰੀਬ ਲੋਕ ਅਤਿ ਦੀ ਗ਼ਰੀਬੀ ਕਾਰਨ ਕੱਚੇ ਢਾਰਿਆਂ ਵਿੱਚ ਰਹਿਣ ਲਈ ਮਜਬੂਰ ਹਨ। ਉਨ੍ਹਾਂ ਲਈ ਇੰਦਰਾ ਆਵਾਸ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ ਵਰਗੀਆਂ ਸਕੀਮਾਂ ਮਹਿਜ ਇੱਕ ਵਿਖਾਵਾ ਬਣ ਕੇ ਰਹਿ ਗਈਆਂ ਹਨ। ਫਾਜ਼ਿਲਕਾ ਦੇ ਪਿੰਡ ਕਾਠਗੜ੍ਹ ਦੇ ਵਾਸੀ ਬਜ਼ੁਰਗ ਤਾਰਾ ਸਿੰਘ ਪੁੱਤਰ ਸਰਦਾਰਾ ਸਿੰਘ ਨੇ ਦੱਸਿਆ ਕਿ ਉਹ ਗ਼ਰੀਬੀ ਹੋਣ ਕਾਰਨ ਪੱਕੇ ਮਕਾਨ ਨਹੀਂ ਉਸਾਰ ਸਕਦੇ ਅਤੇ ਕੱਚੇ ਢਾਰਿਆਂ ਵਿੱਚ ਰਹਿਣ ਲਈ ਮਜਬੂਰ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕੱਚੇ ਮਕਾਨਾਂ ਤੋਂ ਪੱਕੇ ਮਕਾਨ ਬਣਾਉਣ ਲਈ ਕਈ ਵਾਰ ਸਰਵੇਖਣ ਹੋ ਚੁੱਕਿਆ ਹੈ, ਪਰ ਸਰਵੇ ਕਾਗਜ਼ਾਂ ਤੱਕ ਸੀਮਤ ਰਹਿ ਗਏ ਹਨ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਅਤੇ ਸਬੰਧਤ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕੱਚੇ ਮਕਾਨ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਐੱਸਡੀਐੱਮ ਜਲਾਲਾਬਾਦ ਸੂਬਾ ਸਿੰਘ ਨੇ ਕਿਹਾ ਕਿ ਜੇਕਰ ਇਹ ਸੱਚ ਹੈ ਤਾਂ ਤੁਰੰਤ ਗ਼ਰੀਬ ਪਰਿਵਾਰ ਨੂੰ ਉਨ੍ਹਾਂ ਤੱਕ ਲੈ ਕੇ ਆਓ ਅਤੇ ਉਨ੍ਹਾਂ ਦਾ ਹੱਲ ਕਰਵਾਇਆ ਜਾਵੇਗਾ।