ਗੁਰਵਿੰਦਰ ਸਿੰਘ
ਰਾਮਪੁਰਾ ਫੂਲ, 16 ਮਈ
ਇਥੇ ਮੈਡੀਕਲ ਅਫਸਰ ਦੁਸ਼ਾਂਤ ਗਰਗ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਸਥਾਨਕ ਮੰਦਰ ਸਿੱਧ ਬੀਬੀ ਪਾਰੋ ਵਿਖੇ ਵੈਕਸੀਨ ਟੀਕਾਕਰਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਮਾਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ ਜਦੋਂ ਵੈਕਸੀਨ ਲਗਾਉਣ ਨੂੰ ਲੈ ਕੇ ਫੂਲ ਵਾਸੀਆਂ ਨੇ ਸਿਹਤ ਵਿਭਾਗ ਟੀਮ ’ਤੇ ਪੱਖਪਾਤ ਕਰਨ ਦੇ ਦੋਸ਼ ਲਗਾਏ ਅਤੇ ਟੀਮ ਨੂੰ ਕੈਂਪ ਲਗਾਉਣ ਤੋਂ ਰੋਕ ਦਿੱਤਾ। ਉਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਵੈਕਸੀਨ ਲਗਾਉਣ ਲਈ ਡਿਸਪੈਂਸਰੀ ਪੁੱਜੀ ਜਿਥੇ ਲੋਕਾਂ ਦਾ ਭਾਰੀ ਇਕੱਠ ਜੁੜ ਗਿਆ। ਇਤਰਾਜ਼ ਜ਼ਾਹਿਰ ਕਰਦਿਆਂ ਪ੍ਰਧਾਨ ਮੰਦਰ ਕਮੇਟੀ ਮੰਦਰ ਬੀਬੀ ਪਾਰੋ ਪਰਵਿੰਦਰ ਬੰਟੂ, ਸੁਖਮੰਦਰ ਸਿੰਘ ਮੁਨਸ਼ੀ, ਪਵਨ ਕੁਮਾਰ, ਨੀਟਾ, ਅਤੇ ਭਾਰਤੀ ਨੇ ਕਿਹਾ ਕਿ ਸਿਹਤ ਵਿਭਾਗ ਦੇ ਮੁਲਾਜ਼ਮ ਗਾਈਡ ਲਾਈਨ ਹੋਰ ਦੱਸਦੇ ਹਨ ਅਤੇ ਵੈਕਸੀਨ ਹੋਰ ਵਿਅਕਤੀਆਂ ਦੇ ਲਗਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨ ਲਗਾਏ ਗਏ ਕੈਂਪ ਦੌਰਾਨ 50 ਵਿਅਕਤੀਆਂ ਦੇ ਵੈਕਸੀਨ ਲਗਾਈ ਸੀ ਜਿਨ੍ਹਾਂ ਵਿਚ 6 ਫੂਲ ਅਤੇ 44 ਰਾਮਪੁਰਾ ਸ਼ਹਿਰ ਦੇ ਸਨ ਜੋ ਸਰਾਸਰ ਗਲਤ ਹੈ। ਜਦੋਂ ਰਾਮਪੁਰਾ ਤੋਂ ਵੈਕਸੀਨ ਲਗਵਾਉਣ ਆਏ ਵਿਅਕਤੀਆਂ ਨੂੰ ਪੁੱਛਿਆ ਕਿ ਤੁਸੀਂ ਰਾਮਪੁਰੇ ਸਿਵਲ ਹਸਪਤਾਲ ਵਿੱਚ ਵੈਕਸੀਨ ਕਿਉਂ ਨਹੀਂ ਲਗਵਾਈ ਤਾਂ ਉਨ੍ਹਾਂ ਕਿਹਾ ਕਿ ਰਾਮਪੁਰੇ ਵੈਕਸੀਨ ਮਿਲ ਨਹੀਂ ਰਹੀ। ਇਸ ਮੌਕੇ ਥਾਣਾ ਫੂਲ ਦੇ ਮੁੱਖ ਅਫਸਰ ਸੁਖਜਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਸੰਭਾਲੀ ਤੇ ਕੈਂਪ ਸ਼ੁਰੂ ਕਰਵਾਇਆ। ਉਧਰ ਮੈਡੀਕਲ ਅਫਸਰ ਦੁਸ਼ਾਂਤ ਗਰਗ ਦਾ ਕਹਿਣਾ ਹੈ ਕਿ ਅਜਿਹਾ ਕੁਝ ਨਹੀਂ ਹੈ ਕੋਈ ਕਿਸੇ ਨਾਲ ਪੱਖਪਾਤ ਨਹੀਂ ਕੀਤਾ ਗਿਆ।