ਬਰਨਾਲਾ (ਰਵਿੰਦਰ ਰਵੀ): ਕਰੋਨਾਵਾਇਰਸ ਕਾਰਨ ਮਜ਼ਦੂਰੀ ਕਰ ਕੇ ਆਪਣੇ ਪੰਜ ਬੱਚਿਆਂ ਦਾ ਪੇਟ ਭਰਨ ਵਾਲੇ ਮਾਂ-ਪਿਓ ਦੀ ਮੌਤ ਹੋਣ ਕਾਰਨ ਉਨ੍ਹਾਂ ਦੇ ਬੱਚੇ ਅਨਾਥ ਹੋ ਗਏ। ਹੁਣ ਇਨ੍ਹਾਂ ਬੱਚਿਆਂ ਨੂੰ ਰੋਟੀ ਦੇ ਵੀ ਲਾਲੇ ਪੈ ਗਏ ਹਨ। ਆਪਣਾ ਦਰਦ ਬਿਆਨ ਕਰਦਿਆਂ ਬੱਚਿਆਂ ਪੂਜਾ ਕੁਮਾਰ, ਲੱਛਮੀ ਕੁਮਾਰ ਅਤੇ ਭਾਰਤੀ ਕੁਮਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਅਰਜੁਨ ਚੌਧਰੀ ਜੋ ਮਜ਼ਦੂਰੀ ਕਰਦੇ ਸਨ ਦੀ 13 ਮਈ ਨੂੰ ਕਰੋਨਾ ਕਾਰਨ ਮੌਤ ਹੋ ਗਈ। ਇਹ ਦੁੱਖ ਨਾ ਸਹਾਰਦਿਆਂ ਉਨ੍ਹਾਂ ਦੀ ਮਾਂ ਧਨਮਤੀ ਦੇਵੀ ਦੀ ਵੀ 48 ਘੰਟਿਆਂ ਬਾਅਦ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਘਰ ਵਿੱਚ ਕੋਈ ਕਮਾਉਣ ਵਾਲਾ ਨਾ ਹੋਣ ਕਾਰਨ ਹੁਣ ਗੁਜ਼ਾਰਾ ਕਰਨਾ ਮਸ਼ਕਿਲ ਹੋ ਜਾਵੇਗਾ। ਪੀੜਤ ਪਰਿਵਾਰ ਕਿਰਾਏ ਦੇ ਮਕਾਨ ’ਚ ਰਹਿੰਦਾ ਹੈ। ਵਾਰਡ ਕੌਂਸਲਰ ਜਗਰਾਜ ਸਿੰਘ ਪੰਡੋਰੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਬੇਸਹਾਰਾ ਬੱਚਿਆਂ ਦੀ ਮਦਦ ਕੀਤੀ ਜਾਵੇ।