ਪੱਤਰ ਪੇ੍ਰਕ
ਬੋਹਾ, 4 ਮਈ
ਸਥਾਨਕ ਗਾਦੜਪੱਤੀ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਆਮ ਆਦਮੀ ਪਾਨ ਰਟੀ ਦੇ ਆਗੂ ਦੇ ਘਰ ਫਾਇਰਿੰਗ ਕੀਤੀ ਗਈ। ਜਾਣਕਾਰੀ ਅਨੁਸਾਰ ਐਸਐਚਓ ਦਲਜੀਤ ਸਿੰਘ ਨੇ ਦੱਸਿਆ ਕਿ ਗਾਦੜਪੱਤੀ ਦੇ ਗੁਰਲਾਲ ਸਿੰਘ ਨਾਂ ਦੇ ਵਿਅਕਤੀ ਨੇ ਪੁਲਿਸ ਨੂੰ ਸੂਚਿਤ ਕੀਤਾ ਹੈ ਕਿ ਬੀਤੀ ਰਾਤ ਉਸ ਦੇ ਘਰ ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਫਾਈਰਿੰਗ ਕੀਤੀ ਗਈ। ਜਿਸ ਦੇ ਡਰ ਕਾਰਨ ਉਹ ਘਰ ਤੋਂ ਬਾਹਰ ਨਹੀਂ ਨਿਕਲੇ।
ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਗੁਰਲਾਲ ਸਿੰਘ ਦੇ ਘਰ ਦੇ ਨਜ਼ਦੀਕ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਘਾਲਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਘਰ ਦੇ ਮੁੱਖ ਦਰਵਾਜ਼ੇ ਦੇ ਨੇੜੇ ਦੋ ਜ਼ਿੰਦਾ ਕਾਰਤੂਸ ਵੀ ਪੁਲੀਸ ਨੇ ਕਬਜ਼ੇ ਵਿੱਚ ਲਏ ਹਨ। ਦੂਜੇ ਪਾਸੇ ਸੀਸੀਟੀਵੀ ਦੇ ਫੁਟੇਜ ਵੇਖਣ ’ਤੇ ਘਰ ਦੇ ਨੇੜੇ ਮੂੰਹ ਸਿਰ ਲਪੇਟੇ ਇੱਕ ਵਿਅਕਤੀ ਬੰਦੂਕ ਸਮੇਤ ਵਿਖਾਈ ਦੇ ਰਿਹਾ ਹੈ।
ਉਪਰੋਕਤ ਫਾਇਰਿੰਗ ਨੂੰ ਲੈ ਕੇ ਬੋਹਾ ਅੰਦਰ ਦਹਿਸ਼ਤ ਦਾ ਮਾਹੌਲ ਹੈ ਪ੍ਰੰਤੂ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਫਾਈਰਿੰਗ ਕਰਨ ਵਾਲਿਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਇਸ ਦੀ ਜਾਂਚ ਏ.ਐਸ.ਆਈ. ਜੁਗਰਾਜ ਸਿੰਘ ਕਰ ਰਹੇ ਹਨ।