ਨਿੱਜੀ ਪੱਤਰ ਪ੍ਰੇਰਕ
ਮੋਗਾ, 17 ਸਤੰਬਰ
ਇਥੇ ਕੇਂਦਰੀ ਸਹਿਕਾਰੀ ਬੈਂਕ ਵਿੱਚ ਕੋਲਕਾਤਾ ਦੀ ਹਿੰਦੋਸਤਾਨ ਸਟੀਲ ਵਰਕਸ ਕੰਸਟਰੱਕਸ਼ਨ ਲਿਮਿਟਡ ਕੰਪਨੀ ਦੇ ਨਾਮ ਉੱਤੇ ਜਾਅਲੀ ਦਸਤਾਵੇਜ਼ਾਂ ਨਾਲ ਖਾਤਾ ਖੋਲ੍ਹ ਕੇ ਕਰੋੜਾਂ ਰੁਪਏ ਦੇ ਲੈਣ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਡੀਐੱਸਪੀ ਸਿਟੀ ਜਸਨਪ੍ਰੀਤ ਸਿੰਘ ਗਿੱਲ ਤੇ ਥਾਣਾ ਸਿਟੀ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਸਰਾ ਨੇ ਦੱਸਿਆ ਕਿ ਬੈਂਕ ਦੀ ਸ਼ਿਕਾਇਤ ਉੱਤੇ ਸੰਜੀਵ ਕੁਮਾਰ ਮਾਡਰਨ ਕੰਪਲੈਕਸ, ਮਨੀ ਮਾਜਰਾ ਹਾਲ ਆਬਾਦ ਆਦਰਸ਼ ਨਗਰ ਫ਼ਗਵਾੜਾ ਖ਼ਿਲਾਫ਼ ਧੋਖਾਧੜੀ ਦੀਆਂ ਧਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਵੀ ਇਸ ਮਾਮਲੇ ਵਿੱਚ ਸ਼ਿਕਾਇਤ ਕੀਤੀ ਗਈ ਹੈ। ਪੁਲੀਸ ਮੁਤਾਬਕ ਮੁਲਜ਼ਮ ਨੇ ਉਕਤ ਕੰਪਨੀ ਵੱਲੋਂ ਨੇੜਲੇ ਪਿੰਡ ਖੋਸਾ ਪਾਂਡੋ ਵਿਖੇ ਪਲਾਂਟ ਲਗਵਾਉਣ ਦੀ ਗੱਲ ਆਖ ਕੇ ਇਸ ਵਰ੍ਹੇ ਦੀ 27 ਜਨਵਰੀ ਨੂੰ ਬੈਂਕ ਵਿੱਚ ਜਾਅਲੀ ਦਸਤਾਵੇਜ਼ਾਂ ਨਾਲ 500 ਰੁਪਏ ਜਮ੍ਹਾਂ ਕਰਵਾ ਕੇ ਖਾਤਾ ਖੁੱਲ੍ਹਵਾ ਲਿਆ ਸੀ।