ਫ਼ਿਰੋਜ਼ਪੁਰ: ਪਿੰਡ ਲੋਹਗੜ੍ਹ ਦੇ ਨਜ਼ਦੀਕ ਫ਼ੋਕਲ ਪੁਆਇੰਟ ’ਤੇ ਬਣੀ ਵਰਦਾਨ ਫ਼ੀਡ ਫ਼ੈਕਟਰੀ ’ਚ ਪਿਛਲੇ ਇੱਕ ਸਾਲ ਦੇ ਅੰਦਰ ਪੰਜਵੀਂ ਵਾਰ ਚੋਰੀ ਹੋਈ ਹੈ। ਚੋਰੀ ਦੀ ਇਹ ਵਾਰਦਾਤ ਫ਼ੈਕਟਰੀ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ। ਤਿੰਨ ਚੋਰ ਫ਼ੈਕਟਰੀ ਦੀ ਬਾਹਰਲੀ ਕੰਧ ਨੂੰ ਸੰਨ੍ਹ ਲਾ ਕੇ ਦਫ਼ਤਰ ਅੰਦਰ ਦਾਖ਼ਲ ਹੋਏ ਤੇ ਅੰਦਰੋਂ ਐੱਲਸੀਡੀ ਚੋਰੀ ਕਰਕੇ ਲੈ ਗਏ। ਨਗਦੀ ਦੀ ਭਾਲ ਵਾਸਤੇ ਚੋਰਾਂ ਨੇ ਦਫ਼ਤਰ ਅੰਦਰ ਪਏ ਕਾਊਂਟਰ ਦੇ ਸਾਰੇ ਤਾਲੇ ਵੀ ਤੋੜ ਦਿੱਤੇ ਪਰ ਅੰਦਰ ਕੋਈ ਕੈਸ਼ ਨਹੀਂ ਪਿਆ ਸੀ। ਫ਼ੈਕਟਰੀ ਦੇ ਮਾਲਕ ਜਰਨੈਲ ਸਿੰਘ ਥਿੰਦ ਨੇ ਤਿੰਨਾਂ ਚੋਰਾਂ ਵਿਚੋਂ ਇੱਕ ਦੀ ਸ਼ਨਾਖ਼ਤ ਕਰ ਲਈ ਹੈ। ਅਰਸ਼ਦੀਪ ਨਾਂ ਦਾ ਇਹ ਮੁਲਜ਼ਮ ਕੁਝ ਸਾਲ ਪਹਿਲਾਂ ਇਸੇ ਫ਼ੈਕਟਰੀ ਵਿਚ ਕੰਮ ਕਰਦਾ ਸੀ। ਉਸਦਾ ਘਰ ਵੀ ਫ਼ੈਕਟਰੀ ਤੋਂ ਕੁਝ ਹੀ ਦੂਰੀ ’ਤੇ ਸਥਿਤ ਹੈ। ਜਰਨੈਲ ਸਿੰਘ ਦੇ ਦੱਸਣ ਮੁਤਾਬਿਕ ਪਹਿਲਾਂ ਹੋਈਆਂ ਚੋਰੀਆਂ ਵਿਚ ਵੀ ਉਕਤ ਮੁਲਜ਼ਮ ਦਾ ਹੱਥ ਹੈ। ਚੋਰੀ ਦੀ ਇਸ ਘਟਨਾ ਵੇਲੇ ਫ਼ੈਕਟਰੀ ਦੇ ਅੰਦਰ ਕੰਮ ਕਰਦਾ ਇੱਕ ਮੁਲਾਜ਼ਮ ਵੀ ਸੁੱਤਾ ਪਿਆ ਸੀ ਪਰ ਉਸ ਨੂੰ ਇਸ ਵਾਰਦਾਤ ਦੀ ਭਿਣਕ ਤੱਕ ਨਹੀਂ ਲੱਗੀ। ਥਾਣਾ ਕੁਲਗੜੀ ਪੁਲੀਸ ਨੇ ਮੁਲਜ਼ਮ ਅਰਸ਼ਦੀਪ ਵਾਸੀ ਪਿੰਡ ਲੋਹਗੜ੍ਹ ਖ਼ਿਲਾਫ਼ ਚੋਰੀ ਦਾ ਮੁਕੱਦਮਾ ਦਰਜ ਕਰ ਲਿਆ ਹੈ, ਪਰ ਉਸ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ। -ਨਿੱਜੀ ਪੱਤਰ ਪੇ੍ਰਕ