ਪੱਤਰ ਪ੍ਰੇਰਕ
ਮਾਨਸਾ, 11 ਅਗਸਤ
ਮਾਨਸਾ ਸ਼ਹਿਰ ਦੀ ਗੁਰਬਖ਼ਸ਼ ਕਲੋਨੀ ਵਿਖੇ ਸਮੂਹ ਔਰਤਾਂ ਵੱਲੋਂ ਤੀਆਂ ਤੀਜ ਦਾ ਤਿਉਹਾਰ ਮਨਾਇਆ ਗਿਆ, ਜਿਸ ਦੌਰਾਨ ਔਰਤਾਂ ਪੰਜਾਬੀ ਪਹਿਰਾਵੇ ਵਿੱਚ ਸਜ ਕੇ ਗਿੱਧਾ ਪਾਉਂਦੀਆਂ ਨਜ਼ਰ ਆਈਆਂ। ਗਿੱਧਾ ਵਿੱਚ ਪਾਈਆਂ ਗਈਆਂ ਬੋਲੀਆਂ ਦੌਰਾਨ ਪੰਜਾਬੀ ਵਿਰਸੇ ਦੀ ਝਲਕ ਵਿਖਾਈ ਦਿੰਦੀ ਸੀ।
ਔਰਤਾਂ ਵੱਲੋਂ ਅਲੋਪ ਹੋ ਰਹੇ ਧੀਆਂ ਦੇ ਤਿਉਹਾਰ ਨੂੰ ਮੁੜ ਜੀਵਤ ਰੱਖਣ ਦਾ ਪ੍ਰਣ ਲਿਆ ਗਿਆ ਅਤੇ ਹਰ ਸਾਲ ਇਕੱਠੀਆਂ ਹੋਕੇ ਇਸ ਤਿਉਹਾਰ ਨੂੰ ਮਨਾਉਣ ਫ਼ੈਸਲਾ ਕੀਤਾ ਗਿਆ। ਕਲੋਨੀ ਦੀਆਂ ਔਰਤਾਂ ਨੇ ਪੇਕੇ ਆਈਆਂ ਹੋਈਆਂ ਕੁੜੀਆਂ ਦਾ ਵਿਸ਼ੇਸ਼ ਤੌਰ ’ਤੇ ਮਾਣ-ਸਨਮਾਨ ਕੀਤਾ ਗਿਆ ਅਤੇ ਨਵੀਂਆਂ ਬੱਚੀਆਂ ਨੂੰ ਤੀਆਂ ਦੇ ਤਿਉਹਾਰ ਬਾਰੇ ਜਾਣਕਾਰੀ ਦਿੱਤੀ ਗਈ। ਇਨ੍ਹਾਂ ਤੀਆਂ ਵਿੱਚ ਹਰ ਔਰਤ ਨੂੰ ਬੋਲੀ ਪਾਉਣੀ ਜ਼ਰੂਰੀ ਸੀ, ਜਿਸ ਦੌਰਾਨ ਸਾਰਿਆਂ ਵੱਲੋਂ ਵੰਨ-ਸਵੰਨੀਆਂ ਬੋਲੀਆਂ ਪਾਈਆਂ ਗਈਆਂ ਅਤੇ ਕਿੱਕਲੀ, ਗਿੱਧਾ ਅਤੇ ਪੀਂਘ ਦਾ ਅਨੰਦ ਮਾਣਿਆ।
ਦੀਪਗੜ੍ਹ ’ਚ ਪਈ ਗਿੱਧੇ ਦੀ ਧਮਾਲ
ਭਦੌੜ (ਪੱਤਰ ਪ੍ਰੇਰਕ): ਡਾ. ਜੈ ਸਿੰਘ ਮਠਾੜੂ ਬਲੱਡ ਡੋਨਰਜ਼ ਕਲੱਬ ਦੀਪਗੜ੍ਹ ਵੱਲੋਂ ਪਲੇਠਾ ਤੀਆਂ ਦਾ ਮੇਲਾ ਕਰਵਾਇਆ ਗਿਆ। ਪਿੰਡ ਦੇ ਪਾਰਕ ’ਚ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਲੜਕੀਆਂ ਤੇ ਔਰਤਾਂ ਨੇ ਗਿੱਧੇ ਦੀ ਧਮਾਲ ਪਾਉਂਦਿਆਂ ਚੰਗਾ ਰੰਗ ਬੰਨ੍ਹਿਆ। ਮੁੱਖ ਮਹਿਮਾਨ ਨਵਨੀਤ ਕੌਰ ਗਿੱਲ ਐਮਡੀ ਅਤੇ ਮੈਡਮ ਏਨਸੀ ਵਾਈਸ ਪ੍ਰਿੰਸੀਪਲ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਨੇ ਕਲੱਬ ਨੂੰ ਪੰਜ ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ। ਦਸਮੇਸ਼ ਸਕੂਲ ਬਿਲਾਸਪੁਰ ਦੀ ਗਿੱਧਾ ਟੀਮ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਬੀਬੀ ਵੀਰਪਾਲ ਕੌਰ ਅਤੇ ਸਰਬਜੀਤ ਕੌਰ ਦੇ ਯੋਗਦਾਨ ਸਦਕਾ ਉਨ੍ਹਾਂ ਦਾ ਉਚੇਚਾ ਸਨਮਾਨ ਕੀਤਾ ਗਿਆ। ਕਲੱਬ ਪ੍ਰਧਾਨ ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਅਤੇ ਜਨਰਲ ਸਕੱਤਰ ਜੋਗਿੰਦਰ ਸਿੰਘ ਮਠਾੜੂ ਨੇ ਕਿਹਾ ਕਿ ਅਜਿਹੇ ਮੇਲੇ ਲੜਕੀਆਂ ਨੂੰ ਮਨ ਦੇ ਵਲਵਲੇ ਪ੍ਰਗਟ ਕਰਨ ਦਾ ਮੰਚ ਮੁਹੱਈਆ ਕਰਵਾਉਂਦੇ ਹਨ। ਪ੍ਰਬੰਧਕਾਂ ਨੇ ਪਹੁੰਚੀਆਂ ਸਖਸ਼ੀਅਤਾਂ ਦਾ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨ ਕੀਤਾ ਗਿਆ।