ਸੰਜੀਵ ਹਾਂਡਾ
ਫ਼ਿਰੋਜ਼ਪੁਰ, 17 ਜਨਵਰੀ
ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਦੀਆਂ ਤਿਆਰੀਆਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਐਤਵਾਰ ਨੂੰ ਸਾਰਾ ਦਿਨ ਫ਼ਿਰੋਜ਼ਪੁਰ ਦੌਰੇ ’ਤੇ ਰਹੇ ਅਤੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਸਣੇ ਹੋਰ ਪਾਰਟੀ ਆਗੂਆਂ ਨਾਲ ਸ਼ਹਿਰ ਦੇ ਕਈ ਵਾਰਡਾਂ ਵਿਚ ਪਾਰਟੀ ਵਰਕਰਾਂ ਦੇ ਰੂਬਰੂ ਹੋਏ। ਉਨ੍ਹਾਂ ਦੋਸ਼ ਲਾਇਆ ਹੈ ਕਿ ਸੱਤਾਧਾਰੀ ਪਾਰਟੀ ਦੇ ਆਗੂ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਡਰਾ ਧਮਕਾ ਕੇ ਚੋਣਾਂ ਨਾ ਲੜਨ ਲਈ ਮਜਬੂਰ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਕਿਸੇ ਵੀ ਉਮੀਦਵਾਰ ਨੂੰ ਡਰਨ ਦੀ ਲੋੜ ਨਹੀਂ ਹੈ ਤੇ ਸਾਰੀਆਂ ਵਾਰਡਾਂ ਵਿਚ ਉਨ੍ਹਾਂ ਦੀ ਪਾਰਟੀ ਆਪਣੇ ਉਮੀਦਵਾਰ ਖੜ੍ਹੇ ਕਰ ਰਹੀ ਹੈ। ਅੱਜ ਭਾਜਪਾ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਪੱਪੂ ਕੋਤਵਾਲ ਨੇ ਆਪਣੇ ਕਈ ਸਾਥੀਆਂ ਨਾਲ ਭਾਜਪਾ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸੁਖਬੀਰ ਬਾਦਲ ਨੇ ਪੱਪੂ ਕੋਤਵਾਲ ਤੇ ਉਸ ਦੇ ਸਾਥੀਆਂ ਨੂੰ ਸਿਰੋਪੇ ਦੇ ਕੇ ਪਾਰਟੀ ਵਿਚ ਸ਼ਾਮਲ ਕੀਤਾ। ਸੁਖਬੀਰ ਬਾਦਲ ਅੱਜ ਮਰਹੂਮ ਕਾਂਗਰਸੀ ਆਗੂ ਪੰਡਤ ਬਾਲ ਮੁਕੰਦ ਸ਼ਰਮਾ ਦੇ ਘਰ ਵੀ ਗਏ ਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਉਧਰ ਦੂਜੇ ਪਾਸੇ ਅੱਜ ਸ਼ਹਿਰ ਤੋਂ ਭਾਜਪਾ ਦੇ ਦੋ ਪੁਰਾਣੇ ਨਗਰ ਕੌਂਸਲਰ ਪਾਰਟੀ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ। ਵਾਰਡ ਨੰਬਰ 11 ਤੋਂ ਕੌਂਸਲਰ ਅਸ਼ੋਕ ਸਚਦੇਵਾ ਤੇ ਵਾਰਡ ਨੰਬਰ 18 ਤੋਂ ਸੁੱਖਾ ਸਿੰਘ ਕਰੀਆਂ ਪਹਿਲਵਾਨ ਨੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀ ਮੌਜੂਦਗੀ ਵਿਚ ਕਾਂਗਰਸ ਦਾ ਪੱਲਾ ਫੜ ਲਿਆ।