ਐੱਨ.ਪੀ. ਸਿੰਘ/ਅਮਿਤ ਕੁਮਾਰ
ਬੁਢਲਾਡਾ, 7 ਜੂਨ
ਬੁਢਲਾਡਾ ਬਲਾਕ ਦੇ ਪਿੰਡ ਭਖੜਿਆਲ ਦੀ ਦਲਿਤ ਸਰਪੰਚ ਸੰਦੀਪ ਕੌਰ ਤੇ ਉਸ ਦੇ ਪਤੀ ਬਿੰਦਰ ਸਿੰਘ ਖ਼ਿਲਾਫ਼ ਬੀਡੀਪੀਓ ਬੁਢਲਾਡਾ ਦੀ ਸ਼ਿਕਾਇਤ ’ਤੇ ਦਰਜ ਕੇਸ ਵਿੱਚ ਦੋਹਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਣ ਮਗਰੋਂ ਬੀਤੇ ਕੱਲ੍ਹੇ ਦੋਵੇਂ ਪਤੀ-ਪਤਨੀ ਜ਼ਮਾਨਤ ’ਤੇ ਰਿਹਾਅ ਹੋ ਕੇ ਆਏ ਸਨ। ਇਸੇ ਦਰਮਿਆਨ ਸਰਪੰਚ ਸੰਦੀਪ ਕੌਰ ਜੋ ਗਰਭਵਤੀ ਹੈ, ਦੀ ਹਾਲਤ ਵਿਗੜਣ ਕਾਰਨ ਉਸ ਨੂੰ ਸਿਵਲ ਹਸਪਤਾਲ ਬੁਢਲਾਡਾ ’ਚ ਭਰਤੀ ਕਰਵਾਇਆ ਗਿਆ ਜਿੱਥੋਂ ਡਾਕਟਰਾਂ ਨੇ ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ।
ਜਾਣਕਾਰਾਂ ਵੱਲੋਂ ਸਰਪੰਚ ਦਾ ਗਰਭਪਾਤ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਸਰਪੰਚ ਸੰਦੀਪ ਕੌਰ ਨੇ ਦੱਸਿਆ ਕਿ 2 ਜੂਨ ਨੂੰ ਪੁਲੀਸ ਨੇ ਉਸ ਨੂੰ ਅਤੇ ਊਸ ਦੇ ਪਤੀ ਨੂੰ ਥਾਣਾ ਸਿਟੀ ਦੇ ਵੱਖ-ਵੱਖ ਕਮਰਿਆਂ ਵਿੱਚ ਬੰਦ ਕਰ ਕੇ ਰੱਖਿਆ ਅਤੇ ਅਗਲੇ ਦਿਨ ਉਨ੍ਹਾਂ ਨੂੰ ਬਰਨਾਲਾ ਤੇ ਲੁਧਿਆਣਾ ਜੇਲ੍ਹ ਭੇਜ ਦਿੱਤਾ ਗਿਆ। ਉਸ ਨੇ ਦੱਸਿਆ ਕਿ ਲੁਧਿਆਣਾ ਜੇਲ੍ਹ ਵਿੱਚ ਉਸ ਨੂੰ ਖੂਨ ਵਹਿਣ ਲੱਗਾ ਤੇ ਅਸਿਹ ਦਰਦਾਂ ਸ਼ੁਰੂ ਹੋ ਗਈਆਂ। ਸਰਪੰਚ ਦੀ ਹਮਾਇਤ ’ਚ ਪੁੱਜੇ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ, ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ, ਕ੍ਰਾਂਤੀਕਾਰੀ ਯੂਨੀਅਨ ਦੇ ਬਬਲੀ ਅਟਵਾਲ, ਡਕੌਂਦਾ ਦੇ ਬਲਾਕ ਵਿੱਤ ਸਕੱਤਰ ਦਰਸ਼ਨ ਸਿੰਘ ਗੁਰਨੇ ਆਦਿ ਨੇ ਕਿਹਾ ਕਿ ਪਿੰਡ ਭਖੜਿਆਲ ਦੇ ਪਲਾਟਾਂ ਸਬੰਧੀ ਮਸਲਾ ਬੀਡੀਪੀਓ ਨੇ ਹੱਲ ਕਰਨ ਦੀ ਬਜਾਏ ਝੂਠੀ ਦਰਖਾਸਤ ਦੇ ਕੇ ਸਰਪੰਚ ਸੰਦੀਪ ਕੌਰ ਤੇ ਉਸ ਦੇ ਪਤੀ ਨੂੰ ਨੂੰ ਗ੍ਰਿਫਤਾਰ ਕਰਵਾ ਦਿੱਤਾ। ਉਨ੍ਹਾਂ ਅਧਿਕਾਰੀਆਂ ਪਾਸੋਂ ਬੀਡੀਪੀਓ ਬੁਢਲਾਡਾ ਤੇ ਐੱਸਐੱਚਓ ਸਿਟੀ ਬੁਢਲਾਡਾ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਦੌਰਾਨ ਬੁਢਲਾਡਾ ਹਸਪਤਾਲ ਪੁੱਜੇ ਹਲਕਾ ਵਿਧਾੲਕ ਬੁੱਧ ਰਾਮ, ਸਾਬਕਾ ਵਿਧਾਇਕ ਮੰਗਤ ਰਾਮ ਬਾਂਸਲ ਨੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਤੱਕ ਸਾਥ ਦੇਣ ਦਾ ਭਰੋਸਾ ਦਿੱਤਾ।
ਕੀ ਕਹਿੰਦੇ ਨੇ ਅਧਿਕਾਰੀ
ਡੀੱਐੱਸਪੀ ਬੁਢਲਾਡਾ ਨੇ ਇਸ ਸਬੰਧੀ ਕਿਹਾ ਕਿ ਮਹਿਲਾ ਸਰਪੰਚ ਵਿਰੁੱਧ ਬੀਡੀਪੀਓ ਬੁਢਲਾਡਾ ਦੀ ਸ਼ਿਕਾਇਤ ’ਤੇ 153/186 ਆਈਪੀਸੀ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਕੇਸ ਵਿੱਚ ਮਹਿਲਾ ਸਰਪੰਚ ਦੀ ਬੀਤੇ ਕੱਲ੍ਹ ਜ਼ਮਾਨਤ ਹੋ ਗਈ ਸੀ। ਜੇਲ੍ਹ ਭੇਜਣ ਸਮੇਂ ਇਹ ਮਹਿਲਾ ਸਰਪੰਚ ਇਕ ਮਹੀਨੇ ਦੀ ਗਰਭਵਤੀ ਸੀ।