ਪੱਤਰ ਪ੍ਰੇਰਕ
ਮਾਨਸਾ, 24 ਫਰਵਰੀ
ਮਾਲਵਾ ਪੱਟੀ ਵਿਚ ਹੁਣ ਸਬਜ਼ੀਆਂ ਆਸਰੇ ਤੋਰੀ-ਫੁਲਕਾ ਚਲਾਉਣ ਦਾ ਧੰਦਾ ਮਾੜੇ ਮੰਡੀਕਰਨ ਪ੍ਰਬੰਧਾਂ ਦੀ ਭੇਟ ਚੜ੍ਹਨ ਲੱਗਿਆ ਹੈ। ਅੱਜ ਕੱਲ੍ਹ ਗੋਭੀ, ਗਾਜਰਾਂ ਬੀਜਣ ਵਾਲੇ ਕਿਸਾਨ ਵੀ ਰੁਲਣ ਲੱਗੇ ਹਨ। ਜ਼ਮੀਨਾਂ ਦੇ ਆਕਾਰ ਘਟਣ ਕਰਕੇ ਕਿਸਾਨਾਂ ਨੂੰ ਜਾਗਰਿਤ ਕਰਨ ਦਾ, ਜਦੋਂ ਹੁਣ ’ਸਰਕਾਰੀ ਜੁਗਾੜ’ ਹੋਣ ਲੱਗਿਆ ਹੈ ਤਾਂ ਸੈਂਕੜੇ ਕਿਸਾਨਾਂ ਨੇ ਹਾੜ੍ਹੀ-ਸਾਉਣੀ ਦੀ ਰਵਾਇਤੀ ਖੇਤੀ ਤੋਂ ਖਹਿੜਾ ਛੁਡਾ ਕੇ ਸਬਜ਼ੀਆਂ ਬੀਜਣ ਦਾ ਕੰਮ ਭਾਵੇਂ ਸ਼ੁਰੂ ਕਰ ਲਿਆ ਹੈ,ਪਰ ਇਹ ਧੰਦਾ ਵੀ ਹੁਣ ਘਾਟੇ ਦਾ ਸ਼ਿਕਾਰ ਹੋ ਕੇ ਕਿਸਾਨਾਂ ਲਈ ਸਿਰਦਰਦੀ ਬਣਨ ਲੱਗਿਆ ਹੈ। ਕਿਸਾਨ ਮੰਡੀਕਰਨ ਦੇ ਸਹੀ ਬੰਦੋਬਸ਼ਤ ਤੋਂ ਅੱਕ ਚੁੱਕੇ ਹਨ, ਹੁਣ ਉਨ੍ਹਾਂ ਨੇ ਦੁਖੀ ਹੋ ਕੇ ਸਿੱਧੀ ਸਬਜ਼ੀ ਵੇਚਣੀ ਸ਼ੁਰੂ ਕਰ ਦਿੱਤੀ ਹੈ। ਅੱਜ, ਮਾਨਸਾ ਸ਼ਹਿਰ ਵਿਚ ਸਬਜ਼ੀ ਬੀਜਣ ਵਾਲੇ ਕਿਸਾਨਾਂ ਨੇਦੱਸਿਆ ਕਿ ਮੰਡੀ ਵਿਚ ਹੁਣ ਗੋਭੀ ਤੇ ਗਾਜਰਾਂ ਨੂੰ ਕੋਈ ਸਿਆਣਦਾ ਨਹੀਂ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮੰਡੀ ਵਿਚ ਅੱਜ ਗੋਭੀ ਦਾ ਮੁੱਲ ਸਹੀ ਰੂਪ ਵਿਚ 3 ਰੁਪਏ ਕਿੱਲੋ, ਗਾਜਰਾਂ ਦਾ ਰੇਟ ਦੋ ਰੁਪਏ ਕਿੱਲੋ ਹੈ। ਉਨ੍ਹਾਂ ਕਿਹਾ ਸਬਜ਼ੀ ਮੰਡੀ ਵਿਚ ਸਬਜੀ ਵੇਚਣ ਨਾਲ ਹੁਣ ਪਰਿਵਾਰ ਨਹੀਂ ਪਲਦਾ। ਇੱਕ ਦਰਜਨ ਤੋਂ ਵੱਧ ਕਿਸਾਨਾਂ ਨੇ ਸਬਜ਼ੀ ਦੇ ਸਹੀ ਮੰਡੀਕਰਨ ਦੇ ਨਾ ਹੋਣ ਦਾ ਰੌਣਾ ਹੋਇਆ। ਮੰਡੀ ਵਿਚ ਤਾਮਕੋਟ, ਰੱਲਾ, ਮਾਨਸਾ ਖੁਰਦ, ਖਿਆਲਾ ਕਲਾਂ, ਖਿਆਲਾ ਖੁਰਦ, ਕੋਟੜਾ, ਕੋਟਲੱਲੂ, ਨੰਗਲ, ਘਰਾਂਗਣਾ, ਮੂਸਾ, ਚੁਕੇਰੀਆ,ਜਵਾਹਰਕੇ ਦੇ ਕਿਸਾਨ ਵੱਡੀ ਪੱਧਰ ’ਤੇ ਗੋਭੀ, ਗਾਜਰਾਂ ਲੈ ਕੇ ਆਉਂਦੇ ਹਨ। ਫੁੱਲ ਗੋਭੀ ਦੇ ਨਾਲ ਬੰਦ ਤੇ ਗੰਢ ਗੋਭੀ ਦਾ ਵੀ ਮਾੜਾ ਹਾਲ ਹੈ।
ਉਧਰ, ਸਬਜ਼ੀ ਮੰਡੀ ਦੇ ਆੜ੍ਹਤੀਏ ਲੱਕੀ ਮਿੱਤਲ ਨੇ ਕਿਹਾ ਕਿ ਉਹ ਸਿਰਫ ਆੜ੍ਹਤ ਹੀ ਲੈਂਦੇ ਹਨ, ਜਦੋਂ ਕਿ ਬਾਕੀ ਸਾਰਾ ਕੰਮ ਦੁਕਾਨਦਾਰਾਂ ਦਾ ਹੀ ਹੁੰਦਾ ਹੈ। ਇੱਕ ਆੜ੍ਹਤੀਏ ਨੇ ਇਥੋਂ ਤੱਕ ਦੱਸਿਆ ਹਿਮਾਚਲ ਪ੍ਰਦੇਸ਼ ਦੀ ਸਬਜ਼ੀ ਵੱਡੇ ਸ਼ਹਿਰਾਂ ਨੂੰ ਜਾਣ ਕਾਰਨ ਲੋਕਲ ਸਬਜ਼ੀ ਇਥੇ ਹੀ ਰਹਿ ਜਾਣ ਕਾਰਨ ਰੇਟਾਂ ਵਿਚ ਮੰਦਾ ਆ ਗਿਆ ਹੈ।