ਐਨ.ਪੀ. ਸਿੰਘ
ਬੁਢਲਾਡਾ, 15 ਫਰਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨਾਂ ਨੇ ਨਰਮੇ ਦੇ ਖਰਾਬੇ ਦਾ ਮੁਆਵਜ਼ਾ ਨਾ ਮਿਲਣ ਕਾਰਨ ਐੱਸਡੀਐੱਮ ਦਫ਼ਤਰ ਬੁਢਲਾਡਾ ਸਾਹਮਣੇ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮੰਗ ਪੱਤਰ ਸੌਪ ਕੇ ਕਿਸਾਨਾਂ ਨੇ ਪ੍ਰਸ਼ਾਸਨ ਨੂੰ ਮੰਗਾਂ ਮੰਨਣ ਲਈ ਇਕ ਹਫ਼ਤੇ ਦਾ ਅਲਟੀਮੇਟਮ ਦਿੱਤਾ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਕਿਹਾ ਕਿ ਦੋ ਮਹੀਨੇ ਤੋਂ ਤਹਿਸੀਲ ਅਫਸਰਾਂ ਦੇ ਖਾਤਿਆਂ ਵਿੱਚ ਨਰਮਾ ਖ਼ਰਾਬੇ ਦੀ ਰਾਸ਼ੀ ਆਈ ਹੋਈ ਹੈ ਪਰ ਸੈਂਕੜੇ ਕਿਸਾਨ ਅਜੇ ਵੀ ਮੁਆਵਜ਼ੇ ਤੋਂ ਵਾਂਝੇ ਹਨ। ਉਨ੍ਹਾਂ ਦੱਸਿਆ ਕਿ ਜਿੰਨਾਂ ਕਿਸਾਨਾਂ ਦੇ ਖਾਤਿਆਂ ਵਿੱਚ ਰਾਸ਼ੀ ਆਈ ਹੈ, ਉਹ ਵੀ ਗਲਤ ਖਾਤਿਆਂ ’ਚ ਭੇਜਣ ਕਰਕੇ ਬੈਕਾਂ ਵੱਲੋਂ ਅਦਾਇਗੀ ਨਹੀਂ ਹੋ ਰਹੀ ਤੇ ਪ੍ਰਸਾਸ਼ਨ ਇਸ ਸਬੰਧੀ ਟੱਸ ਤੋਂ ਮੱਸ ਨਹੀਂ ਹੋ ਰਿਹਾ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਨਰਮੇ ਦੀ ਚੁਗਾਈ ਵਾਲੇ ਮਜ਼ਦੂਰ ਪਰਿਵਾਰਾਂ ਨੂੰ ਐਲਾਨ ਕੀਤੀ ਰਾਸ਼ੀ ਦੀ ਵੰਡ ਵੀ ਸ਼ੁਰੂ ਨਹੀਂ ਕੀਤੀ ਗਈ ਤੇ ਇਸ ਸਬੰਧ ਵਿੱਚ ਤੁਰੰਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਮਹਿੰਦਰ ਸਿੰਘ ਦਿਆਲਪੁਰਾ, ਗੁਰਜੰਟ ਸਿੰਘ ਮਘਾਣੀਆ, ਮਹਿੰਦਰ ਸਿੰਘ ਭੈਣੀਬਾਘਾ, ਸੱਤਪਾਲ ਸਿੰਘ, ਦਰਸ਼ਨ ਸਿੰਘ ਗੁਰਨੇ ਕਲਾਂ, ਨਛੱਤਰ ਸਿੰਘ ਅਹਿਮਦਪੁਰ ਤੇ ਮਹਿੰਦਰ ਸਿੰਘ ਕੁਲਰੀਆਂ ਨੇ ਵੀ ਸੰਬੋਧਨ ਕੀਤਾ।
ਕਣਕ ਦੀ ਸਿੰਜਾਈ ਲਈ ਨਿਰਵਿਘਨ ਬਿਜਲੀ ਸਪਲਾਈ ਮੰਗੀ
ਕਿਸਾਨ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਕਿਹਾ ਕਿ ਕਣਕ ਦੀ ਸਿੰਜਾਈ ਲਈ ਲੋੜੀਂਦੀ ਮਾਤਰਾ ਵਿੱਚ ਬਿਜਲੀ ਸਪਲਾਈ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਮੰਗ ਕੀਤੀ ਕਿ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ ਅਤੇ ਲੰਮੇ ਸਮੇਂ ਤੋਂ ਕੀਤੀ ਹੋਈ ਨਹਿਰੀ ਪਾਣੀ ਦੀ ਬੰਦੀ ਨੂੰ ਤੁਰੰਤ ਬਹਾਲ ਕੀਤਾ ਜਾਵੇ ਤਾਂ ਕਿ ਕਣਕ ਦੀ ਫਸਲ ਨੂੰ ਸੁੱਕਣ ਤੋਂ ਬਚਾਇਆ ਜਾ ਸਕੇ।