ਸ਼ਗਨ ਕਟਾਰੀਆ
ਜੈਤੋ, 14 ਅਕਤੂਬਰ
ਕਿਸਾਨ ਜਥੇਬੰਦੀਆਂ ਨੇ ਅੱਜ ਝੋਨੇ ਦੇ ਲੱਦੇ ਟਰਾਲੇ ਨੂੰ ਇਥੇ ਰਿਲਾਇੰਸ ਪੰਪ ਕੋਲ ਘੇਰ ਕੇ ਆਪਣੀ ਨਿਗਰਾਨੀ ਹੇਠ ਲੈ ਲਿਆ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਅਜਿੱਤਗਿੱਲ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਾਇਬ ਸਿੰਘ ਭਗਤੂਆਣਾ, ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਅਨੁਸਾਰ ਝੋਨਾ ਸ਼ਹਿਰ ਦੇ ਕਿਸੇ ਸ਼ੈਲਰ ਮਾਲਕ ਵੱਲੋਂ ਯੂ.ਪੀ. ਤੋਂ ਖ਼ਰੀਦ ਕੇ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਟਰਾਲੇ ’ਚ ਲੱਦਿਆ ਅੰਦਾਜ਼ਨ 300 ਕੁਇੰਟਲ ਝੋਨਾ 1600 ਰੁਪਏ ਫੀ ਕੁਇੰਟਲ ਖ਼ਰੀਦਿਆ ਗਿਆ ਸੀ। ਰੋਕੇ ਜਾਣ ਦੀ ਵਜ੍ਹਾ ਬਿਆਨਦਿਆਂ ਉਨ੍ਹਾਂ ਕਿਹਾ ਕਿ ਜੇ ਪੰਜਾਬ ਦੀਆਂ ਰਾਈਸ ਮਿੱਲਾਂ ਪੰਜਾਬ ਦੇ ਬਾਹਰੋਂ ਸਸਤਾ ਝੋਨਾ ਖ਼ਰੀਦਣਗੀਆਂ ਤਾਂ ਪੰਜਾਬ ਦੀ ਉਪਜ ਕਿਵੇਂ ਵਿਕੇਗੀ?
ਆਗੂਆਂ ਨੇ ਮਾਰਕੀਟ ਕਮੇਟੀ ਦੇ ਪ੍ਰਬੰਧਾਂ ’ਤੇ ਉਂਗਲ ਚੁੱਕਦਿਆਂ ‘ਮਿਲੀਭੁਗਤ’ ਦਾ ਦੋਸ਼ ਲਾਇਆ। ਉਨ੍ਹਾਂ ਅਜਿਹੇ ਮਾਮਲਿਆਂ ’ਚ ਮਾਰਕੀਟ ਫੀਸ ‘ਚੋਰੀ’ ਹੋਣ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਮੰਡੀ ਬੋਰਡ ਨੂੰ ਇਸ ਤਰ੍ਹਾਂ ਤਕੜਾ ‘ਰਗੜਾ’ ਲਾਇਆ ਜਾਂਦਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕਾਨੂੰਨੀ ਕਾਰਵਾਈ ਹੋਣ ਤੱਕ ਉਹ ਟਰਾਲੇ ਦੀ ਪਹਿਰੇਦਾਰੀ ਕਰਨਗੇ।
ਪ੍ਰਮਾਣ ਪੇਸ਼ ਕਰਨ ਲਈ ਨੋਟਿਸ ਜਾਰੀ: ਸਕੱਤਰ
ਮਾਰਕੀਟ ਕਮੇਟੀ ਜੈਤੋ ਦੇ ਸਕੱਤਰ ਹਰਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਵਾਹਨ ਦੇ ਕਾਗਜ਼ਾਤ ਉਨ੍ਹਾਂ ਕਬਜ਼ੇ ’ਚ ਲੈ ਕੇ ਇੱਕ ਸ਼ਾਰਟ-ਟਾਈਮ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਦਸਤਾਵੇਜ਼ੀ ਸਬੂਤ ਦੇਣ ਲਈ ਇਕ ਦਿਨ ਦਾ ਸਮਾਂ ਦਿੱਤਾ ਗਿਆ ਹੈ ਅਤੇ ਤਰੁਟੀ ਪਾਏ ਜਾਣ ’ਤੇ ਮਾਰਕੀਟ ਫੀਸ ਸਮੇਤ ਜੁਰਮਾਨਾ ਵਸੂਲਿਆ ਜਾਵੇਗਾ।