ਜੋਗਿੰਦਰ ਸਿੰਘ ਮਾਨ
ਮਾਨਸਾ, 23 ਅਗਸਤ
ਨੇੜਲੇ ਪਿੰਡ ਖੋਖਰ ਖੁਰਦ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਦੇਣ ਲਈ ਰੇਲਵੇ ਲਾਈਨਾਂ ਦੇ ਹੇਠੋਂ ਪੁਲੀ ਬਣਾਉਣ ਦੀ ਮੰਗ ਨੂੰ ਲੈਕੇ ਦਿੱਲੀ-ਫਿਰੋਜ਼ਪੁਰ ਰੇਲ ਟਰੈਕ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਅੱਜ ਪਿੰਡ ਵਾਸੀਆਂ ਨੇ ਧਰਨਾ ਦਿੱਤਾ ਤੇ ਰੇਲ ਆਵਾਜਾਈ ਠੱਪ ਕੀਤੀ। ਇਹ ਧਰਨਾ 12 ਵਜੇਂ ਤੋਂ ਸ਼ਾਮ 4 ਵਜੇ ਤੱਕ ਜਾਰੀ ਰਿਹਾ। ਇਸ ਦੌਰਾਨ ਮਾਲ ਅਤੇ ਸਵਾਰੀ ਗੱਡੀਆਂ ਨੂੰ ਪਿਛਲੇ ਸਟੇਸ਼ਨਾਂ ਉਤੇ ਰੋਕਿਆ ਗਿਆ। ਬਾਅਦ ਵਿੱਚ ਸਿਵਲ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇੱਕ ਮਹੀਨੇ ਵਿੱਚ ਪੁਲੀ ਬਣਾਉਣ ਦੇ ਦਿੱਤੇ ਭਰੋਸੇ ਬਾਅਦ ਜਥੇਬੰਦੀ ਵੱਲੋਂ ਧਰਨਾ ਚੁੱਕਿਆ ਗਿਆ। ਜਾਮ ਕਾਰਨ ਮਾਲਵਾ ਖੇਤਰ ਚਾਰ ਘੰਟਿਆਂ ਤਕ ਦਿੱਲੀ ਨਾਲੋਂ ਰੇਲ ਆਵਾਜਾਈ ਪੱਖੋਂ ਟੁੱਟਿਆ ਰਿਹਾ।
ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਖੋਖਰ ਖੁਰਦ ਪਿੰਡ ਦਾ 976 ਏਕੜ ਰਕਬੇ ਦੀ ਨਹਿਰੀ ਪਾਣੀ ਨਾਲ ਸਿੰਜਾਈ ਹੁੰਦੀ ਸੀ, ਪਰ 2013 ਵਿੱਚ ਨਹਿਰੀ ਮਹਿਕਮੇ ਵੱਲੋਂ ਖੋਖਰ ਕਲਾਂ ਅਤੇ ਖੋਖਰ ਖੁਰਦ ਪਿੰਡਾਂ ਦੇ ਮੋਘੇ ਭੈਣੀ ਰਜਵਾਹੇ ਨਾਲੋਂ ਵੱਖੋ-ਵੱਖਰੇ ਕਰ ਦਿੱਤੇ ਗਏ। ਉਸ ਵੇਲੇ ਫਿਰੋਜ਼ਪੁਰ-ਦਿੱਲੀ ਰੇਲਵੇ ਲਾਈਨ ਹੇਠੋਂ ਨਹਿਰੀ ਪਾਣੀ ਲਈ ਇੱਕ ਪੁਲੀ ਬਣੀ ਹੋਈ ਸੀ, ਜੋ ਖੋਖਰ ਕਲਾਂ ਪਿੰਡ ਦੇ ਕਿਸਾਨਾਂ ਦੇ ਹਿੱਸੇ ਆ ਗਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਖੋਖਰ ਖੁਰਦ ਦੇ ਕਿਸਾਨਾਂ ਦੀ ਸੈਂਕੜੇ ਏਕੜ ਜ਼ਮੀਨ ਪੁਲੀ ਨਾ ਹੋਣ ਕਰਕੇ ਸਾਲ 2013 ਤੋਂ ਮਾਰੂ ਬਣੀ ਪਈ ਹੈ ਅਤੇ ਕਈ ਸਾਲ ਭੱਜ ਨੱਠ ਕਰਨ ਉਪਰੰਤ ਖੋਖਰ ਖੁਰਦ ਦੇ ਕਿਸਾਨਾਂ ਨੇ ਰੇਲਵੇ ਵਿਭਾਗ ਤੋਂ ਪੁਲੀ ਬਣਾਉਣ ਲਈ ਮਨਜ਼ੂਰੀ ਤਾਂ ਲੈ ਲਈ ਹੈ, ਪਰ ਉਸ ਬਦਲੇ ਤਕਰੀਬਨ ਸਵਾ ਕਰੋੜ ਰੁਪਏ ਰੇਲਵੇ ਵਿਭਾਗ ਵੱਲੋਂ ਪੀੜਤ ਕਿਸਾਨਾਂ ਨੂੰ ਭਰਨ ਲਈ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾੜੀ ਆਰਥਿਕ ਹਾਲਤ ਕਾਰਨ ਇੰਨੀ ਵੱਡੀ ਰਕਮ ਕਿਸਾਨ ਨਹੀਂ ਭਰ ਸਕਦੇ।
ਪਿੰਡ ਦੇ ਕਿਸਾਨਾਂ ਵੱਲੋਂ ਮਸਲਾ ਜਥੇਬੰਦੀ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਜਥੇਬੰਦੀ ਵੱਲੋਂ ਡੀ.ਸੀ. ਮਾਨਸਾ ਨੂੰ ਮੰਗ ਪੱਤਰ ਦੇ ਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਸਰਕਾਰ ਤੁਰੰਤ ਦਖ਼ਲ ਦੇ ਕੇ ਰੇਲਵੇ ਮੰਤਰਾਲੇ ਨਾਲ ਸੰਪਰਕ ਕਰਕੇ ਕਿਸਾਨਾਂ ਨੂੰ ਪਾਏ ਪੈਸੇ ਮੁਆਫ਼ ਕਰਵਾਏ ਜਾਂ ਬਣਦੀ ਰਕਮ ਪੰਜਾਬ ਸਰਕਾਰ ਰੇਲਵੇ ਵਿਭਾਗ ਕੋਲ ਜਮ੍ਹਾਂ ਕਰਵਾ ਕੇ ਰੇਲ ਪਟੜੀ ਥੱਲਿਓਂ ਪਾਈਪ ਲਾਈਨ ਪੁਆ ਕੇ ਨਹਿਰੀ ਪਾਣੀ ਲੰਘਣ ਦਾ ਮਸਲਾ ਹੱਲ ਕਰੇ।
ਜਥੇਬੰਦੀ ਦਾ ਕਹਿਣਾ ਹੈ ਕਿ ਇਹ ਮਸਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਵਾਰ-ਵਾਰ ਧਿਆਨ ਵਿੱਚ ਲਿਆਉਣ ਅਤੇ ਧਰਨੇ-ਮੁਜ਼ਾਹਰੇ ਕਰਨ ਦੇ ਬਾਵਜੂਦ ਹੱਲ ਨਾ ਹੋਣ ਕਾਰਨ ਅੱਜ ਰੇਲਵੇ ਲਾਈਨਾਂ ’ਤੇ ਧਰਨਾ ਲਾਇਆ ਗਿਆ। ਧਰਨੇ ਦਾ ਪਤਾ ਚੱਲਦੇ ਹੀ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਐਸਡੀਐਮ ਮਾਨਸਾ ਪੂਨਮ ਸਿੰਘ, ਤਹਿਸੀਲਦਾਰ ਜੀਵਨ ਗਰਗ, ਐਸ.ਪੀ (ਡੀ) ਬਾਲ ਕਿ੍ਸ਼ਨ ਸਿੰਗਲਾ ਨੇ ਮੌਕੇ ’ਤੇ ਪੁੱਜ ਕੇ ਵਿਸ਼ਵਾਸ ਦਿਵਾਇਆ ਕਿ 25 ਦਿਨ ਦੇ ਅੰਦਰ ਅੰਦਰ ਰੇਲਵੇ ਟਰੈਕ ਦੇ ਹੇਠਾਂ ਪੁਲੀ ਬਣਾਕੇ ਕਿਸਾਨਾਂ ਦਾ ਨਹਿਰੀ ਪਾਣੀ ਚਾਲੂ ਕਰ ਦਿੱਤਾ ਜਾਵੇਗਾ।
ਇਸ ਭਰੋਸੇ ਬਾਅਦ ਜਥੇਬੰਦੀ ਨੇ ਮੀਟਿੰਗ ਕਰਕੇ ਅੱਜ ਦੇ ਧਰਨੇ ਨੂੰ ਮੁਲਤਵੀ ਕਰ ਦਿੱਤਾ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਨਹਿਰੀ ਪਾਣੀ ਚਾਲੂ ਨਾ ਕੀਤਾ ਗਿਆ ਤਾਂ 19 ਸਤੰਬਰ ਨੂੰ ਰੇਲਾਂ ਦਾ ਅਣਮਿੱਥੇ ਸਮੇਂ ਲਈ ਚੱਕਾ ਜਾਮ ਕੀਤਾ ਜਾਵੇਗਾ। ਧਰਨਾਕਾਰੀਆਂ ਨੂੰ ਹੋਰਨਾਂ ਤੋਂ ਇਲਾਵਾ ਇੰਦਰਜੀਤ ਸਿੰਘ ਝੱਬਰ, ਉੱਤਮ ਸਿੰਘ ਰਾਮਾਂਨੰਦੀ, ਜੋਗਿੰਦਰ ਸਿੰਘ ਦਿਆਲਪੁਰਾ, ਮਹਿੰਦਰ ਸਿੰਘ ਰੋਮਾਣਾ, ਜਗਸੀਰ ਸਿੰਘ ਜਵਾਹਰਕੇ, ਜੁਗਰਾਜ ਸਿੰਘ ਮਾਨਸਾ, ਬਲਵੰਤ ਸਿੰਘ ਰੜ੍ਹ, ਕੁਲਦੀਪ ਸਿੰਘ ਚਚੋਹਰ, ਭਾਨ ਸਿੰਘ ਬਰਨਾਲਾ ਆਦਿ ਨੇ ਵੀ ਸੰਬੋਧਨ ਕੀਤਾ।