ਸੰਜੀਵ ਹਾਂਡਾ
ਫ਼ਿਰੋਜ਼ਪੁਰ,17 ਮਈ
ਮਮਦੋਟ ਦੇ ਪਿੰਡ ਲੱਖਾ ਹਾਜੀ ਵਿਚ ਇੱਕ ਵਿਧਵਾ ਔਰਤ ਦੀ ਜ਼ਮੀਨ ਚਾਲੀ ਸਾਲਾਂ ਤੋਂ ਜਬਰੀ ਨੱਪ ਕੇ ਬੈਠੇ ਕਿਸਾਨ ਉਪਰ ਪਰਚਾ ਦਰਜ ਕਰਵਾਉਣ ਤੋਂ ਬਾਅਦ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਆਪਣਾ ਧਰਨਾ ਅੱਜ ਖ਼ਤਮ ਕਰ ਦਿੱਤਾ। ਕਿਸਾਨ ਆਗੂ ਅੱਜ ਵੱਡੀ ਗਿਣਤੀ ਵਿਚ ਇਥੇ ਐਸਐਸਪੀ ਦਫ਼ਤਰ ਮੂਹਰੇ ਧਰਨਾ ਲਾ ਕੇ ਬੈਠੇ ਹੋਏ ਸਨ। ਯੂਨੀਅਨ ਦੇ ਆਗੂ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕਿ ਕਿਸਾਨ ਜੋਗਿੰਦਰ ਸਿੰਘ ਟਿੱਬੀ ਪਿਛਲੇ ਚਾਲੀ ਸਾਲਾਂ ਤੋਂ ਵਿਧਵਾ ਪਵਿੱਤਰ ਕੌਰ ਦੀ ਜ਼ਮੀਨ ਤੇ ਨਾਜਾਇਜ਼ ਕਬ਼ਜ਼ਾ ਕਰਕੇ ਬੈਠਾ ਹੋਇਆ ਸੀ। ਪੁਲੀਸ ਨੇ ਅੱਜ ਕਿਸਾਨ ਜਥੇਬੰਦੀ ਦੇ ਦਬਾਅ ਹੇਠ ਆ ਕੇ ਮੁਲਜ਼ਮ ਜੋਗਿੰਦਰ ਸਿੰਘ ਟਿੱਬੀ ਸਣੇ ਉਸ ਦੇ ਲੜਕੇ ਤੇ ਜਵਾਈ ਖਿਲਾਫ਼ ਪਰਚਾ ਦਰਜ ਕਰ ਦਿੱਤਾ। ਡੀਐਸਪੀ ਸਿਟੀ ਬਰਿੰਦਰ ਸਿੰਘ ਗਿੱਲ ਨੇ ਧਰਨਾਕਾਰੀਆਂ ਨੂੰ ਭਰੋਸਾ ਦੁਆਇਆ ਕਿ ਇੱਕ ਹਫ਼ਤੇ ਦੇ ਅੰਦਰ ਸਾਰੇ ਮੁਲ਼ਜ਼ਮਾਂ ਨੂੰ ਗਿ੍ਫ਼ਤਾਰ ਵੀ ਕਰ ਲਿਆ ਜਾਵੇਗਾ।