ਜ਼ਮੀਨਾਂ ‘ਹਥਿਆਉਣ’ ਖ਼ਿਲਾਫ਼ ਨਿੱਤਰੇ ਕਿਸਾਨ

ਜ਼ਮੀਨਾਂ ‘ਹਥਿਆਉਣ’ ਖ਼ਿਲਾਫ਼ ਨਿੱਤਰੇ ਕਿਸਾਨ

ਬਠਿੰਡਾ ਸਥਿਤ ਮਿੰਨੀ ਸਕੱਤਰੇਤ ਅੱਗੇ ਮੁਜ਼ਾਹਰਾ ਕਰਦੇ ਹੋਏ ਕਿਸਾਨ। -ਫੋਟੋ: ਪਵਨ ਸ਼ਰਮਾ

ਸ਼ਗਨ ਕਟਾਰੀਆ

ਬਠਿੰਡਾ, 22 ਫਰਵਰੀ

‘ਸੜਕ ਰੋਕੋ ਸੰਘਰਸ਼ ਕਮੇਟੀ ਬਠਿੰਡਾ’ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਅੱਜ ਇੱਥੇ ਮਿੰਨੀ ਸਕੱਤਰੇਤ ਅੱਗੇ ਧਰਨਾ ਦਿੱਤਾ ਗਿਆ। ਇਹ ਧਰਨਾ ਕਥਿਤ ਗੁਜਰਾਤ ਸਥਿਤ ਜਾਮਨਗਰ ਤੋਂ ਜੰਮੂ ਤੱਕ ਪ੍ਰਸਤਾਵਿਤ ਕੌਮੀ ਸ਼ਾਹਰਾਹ ਦੇ ਨਿਰਮਾਣ ਲਈ ਜ਼ਮੀਨਾਂ ‘ਹਥਿਆਉਣ’ ਦੇ ਵਿਰੋਧ ’ਚ ਸੀ।

ਬੁਲਾਰਿਆਂ ਨੇ ਕਿਹਾ ਕਿ ਕਾਰਪੋਰੇਟਾਂ ਦੇ ਵਪਾਰ ’ਚ ਵਾਧੇ ਦੇ ਮੰਤਵ ਨਾਲ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਐਕੁਆਇਰ ਕਰ ਕੇ ਸੜਕ ਦੀ ਉਸਾਰੀ ਕਰੇਗੀ। ਉਨ੍ਹਾਂ ਕਿਹਾ ਕਿ ਇਸ ਯੋਜਨਾ ਨਾਲ ਇਕੱਲੇ ਬਠਿੰਡਾ ਜ਼ਿਲ੍ਹੇ ਦੇ 37 ਪਿੰਡਾਂ ਦਾ 65 ਕਿਲੋਮੀਟਰ ਖੇਤਰ ਪ੍ਰਭਾਵਿਤ ਹੋਵੇਗਾ। ਉਨ੍ਹਾਂ ਕਿਹਾ ਕਿ ਸੜਕ ਲਈ ਜ਼ਮੀਨ ਐਕੁਆਇਰ ਕਰਨ ਲਈ ਡੀਆਰਓ ਵੱਲੋਂ ਕਿਸਾਨਾਂ ਨੂੰ ਲਗਾਤਾਰ ਨੋਟਿਸ ਜਾਰੀ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਜ਼ਮੀਨਾਂ ਐਕੁਆਇਰ ਹੋਣ ਦੀ ਹਾਲਤ ’ਚ ਸੜਕ ਬਣਨ ਨਾਲ ਖੇਤ ਦੋ ਹਿੱਸਿਆਂ ’ਚ ਵੰਡੇ ਜਾਣਗੇ ਅਤੇ ਉੱਪਰੋਂ 15-15 ਕਿਲੋਮੀਟਰ ਦੀ ਦੂਰੀ ’ਤੇ ਸੜਕ ਤੋਂ ਰਸਤਾ ਛੱਡੇ ਜਾਣ ਦੀ ਤਜਵੀਜ਼ ਹੈ। ਉਨ੍ਹਾਂ ਸਰਕਾਰ ਨੂੰ ਸਲਾਹ ਦਿੱਤੀ ਕਿ ਜ਼ਮੀਨਾਂ ਦਾ 3-ਡੀ ਨਕਸ਼ਾ ਉਦੋਂ ਤੱਕ ਰੋਕਿਆ ਜਾਵੇ, ਜਦ ਤੱਕ ਪੰਜਾਬ ਸਰਕਾਰ ਵੱਲੋਂ ਬਣਾਈ ਕਮੇਟੀ ਨਾਲ ਕੋਈ ਫੈਸਲਾ ਨਹੀਂ ਹੋ ਜਾਂਦਾ। ਇਸ ਦੌਰਾਨ ਹਾਜ਼ਰ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਕਿਸਮ ਦਾ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸਾਨ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟਣਗੇ। ਇਸ ਮੌਕੇ ਧਰਨੇ ਵਿੱਚ ‘ਸੜਕ ਰੋਕੋ ਸੰਘਰਸ਼ ਕਮੇਟੀ’ ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਇੰਦਰਜੀਤ ਸਿੰਘ, ਕੁਲਵਿੰਦਰ ਸਿੰਘ ਮਹਿਰਾਜ, ਯਾਦਵਿੰਦਰ ਸਿੰਘ, ਜਸਕਰਨ ਸਿੰਘ ਮਛਾਣਾ, ਜਗਜੀਤ ਸਿੰਘ, ਇਨਕਲਾਬੀ ਕੇਂਦਰ ਪੰਜਾਬ ਦੇ ਜਗਜੀਤ ਸਿੰਘ ਲਹਿਰਾ, ਭਾਕਿਯੂ (ਕ੍ਰਾਂਤੀਕਾਰੀ) ਦੇ ਪ੍ਰਸ਼ੋਤਮ ਮਹਿਰਾਜ, ਭਾਕਿਯੂ (ਰਾਜੇਵਾਲ) ਦੇ ਸੁਰਮੁਖ ਸਿੰਘ, ਪੰਜਾਬ ਕਿਸਾਨ ਯੂਨੀਅਨ ਦੇ ਗੁਰਤੇਜ ਸਿੰਘ ਮਹਿਰਾਜ, ਹਰਮਨਪ੍ਰੀਤ ਸਿੰਘ ਤੇ ਡਿੱਕੀ ਜੇਜੀ ਸ਼ਾਮਲ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All