ਖੇਤਰੀ ਪ੍ਰਤੀਨਿਧ
ਬਰਨਾਲਾ, 27 ਨਵੰਬਰ
ਖੇਤੀ ਕਾਨੂੰਨ ਵਾਪਸੀ ਦੇ ਪ੍ਰਧਾਨ ਮੰਤਰੀ ਦੇ ਐਲਾਨ ਤੇ ਕੇਂਦਰੀ ਕੈਬਨਿਟ ਦੀ ਮਨਜ਼ੂਰੀ ਦੇ ਬਾਵਜੂਦ ਸਥਾਨਕ ਰੇਲਵੇ ਸਟੇਸ਼ਨ ’ਤੇ ਲੱਗਿਆ ਸਾਂਝਾ ਕਿਸਾਨ ਧਰਨਾ ਐੱਮਐੱਸਪੀ ਦੀ ਗਾਰੰਟੀ ਦੇਣ ਵਾਲੇ ਨਵੇਂ ਕਾਨੂੰਨ ਦੀ ਸਰਕਾਰ ਯਕੀਨ ਦਹਾਨੀ ਦੀ ਮੰਗ ਨੂੰ ਲੈ ਕੇ ਅੱਜ 423ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਹਰ ਤਬਕਾ ਸੰਘਰਸ਼ ਦੇ ਰਾਹ ਪਿਆ ਹੋਇਆ ਹੈ। ਇਸ ਮੌਕੇ ਬਲਵੰਤ ਸਿੰਘ ਉੱਪਲੀ, ਕਰਨੈਲ ਸਿੰਘ ਗਾਂਧੀ, ਗੁਰਦੇਵ ਸਿੰਘ ਮਾਂਗੇਵਾਲ, ਗਗਨਪ੍ਰੀਤ ਸਿੰਘ ਜੰਗੀਆਣਾ, ਪ੍ਰੇਮਪਾਲ ਕੌਰ, ਬਾਬੂ ਸਿੰਘ ਖੁੱਡੀਕਲਾਂ, ਨਛੱਤਰ ਸਿੰਘ ਸਹੌਰ, ਬਲਵੀਰ ਕੌਰ ਕਰਮਗੜ੍ਹ, ਚਰਨਜੀਤ ਕੌਰ ਨੇ ਸੰਬੋਧਨ ਕੀਤਾ। ਬਲਾਰਿਆਂ ਨੇ ਚਿਤਾਵਨੀ ਦਿੰਦਿਆਂ ਪਾਵਰਕੌਮ ਅਧਿਕਾਰੀਆਂ ਨੂੰ ਸਪਲਾਈ ਯਕੀਨੀ ਬਣਾਉਣ ਤੇ ਬਿਜਲੀ ਕਾਮਿਆਂ ਦੀਆਂ ਹੱਕੀ ਮੰਗਾਂ ਮੰਨਣ ਦੀ ਮੰਗ ਕੀਤੀ ਅਜਿਹਾ ਨਾ ਹੋਣ ’ਤੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਆਖਿਆ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਪਿੰਡ ਇਕਾਈ ਪ੍ਰਧਾਨ ਰਾਮਪਾਲ ਸਿੰਘ ਅਤੇ ਸਕੱਤਰ ਕਰਮਜੀਤ ਸਿੰਘ ਦੀ ਅਗਵਾਈ ਹੇਠ ਪਿੰਡ ਲਹਿਰਾ ਮੁਹੱਬਤ ਤੋਂ ਕਿਸਾਨਾਂ ਅਤੇ ਬੀਬੀਆਂ ਦਾ ਵੱਡਾ ਕਾਫ਼ਲਾ ਟਰੱਕ ਰਾਹੀਂ ਦਿੱਲੀ ਦੇ ਟਿੱਕਰੀ ਬਾਰਡਰ ਲਈ ਰਵਾਨਾ ਹੋਇਆ। ਇਸ ਮੌਕੇ ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਪਹਿਲਾਂ ਖੇਤੀ ਕਾਨੂੰਨਾਂ ਤੋਂ ਇਲਾਵਾ ਬਿਜਲੀ ਸੋਧ ਬਿੱਲ 2020 ਰੱਦ ਕੀਤਾ ਜਾਵੇ, ਐਮਐਸਪੀ ਦੀ ਗਰੰਟੀ ਵਾਲਾ ਕਨੂੰਨ ਬਣਾਇਆ ਜਾਵੇ, ਕਿਸਾਨੀ ਸ਼ੰਘਰਸ ਦੌਰਾਨ ਸ਼ਹੀਦ ਹੋਏ ਲਗਭਗ 750 ਕਿਸਾਨਾਂ ਦੇ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ, ਕਿਸਾਨਾਂ ਤੇ ਮਜ਼ਦੂਰਾਂ ’ਤੇ ਦਰਜ ਕੀਤੇ ਕੇਸ ਰੱਦ ਕੀਤੇ ਜਾਣ, ਲਖੀਮਪੁਰ ਖੀਰੀ ਕਾਂਡ ਦੇ ਮੁਲਜ਼ਮਾਂ ਨੂੰ ਸਜਾ ਅਤੇ ਮੰਤਰੀ ਨੂੰ ਉਸ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ। ਇਸ ਮੌਕੇ ਆਗੂ ਪਰਮਜੀਤ ਕੌਰ, ਅੰਗਰੇਜ਼ ਕੌਰ, ਕਰਨੈਲ ਕੌਰ, ਚਰਨਜੀਤ ਕੌਰ, ਗੁਰਵਿੰਦਰ ਸਿੰਘ, ਸਾਧੂ ਸਿੰਘ, ਕਾਕਾ ਸਿੰਘ ਅਤੇ ਕਾਲਾ ਸਿੰਘ ਹਾਜ਼ਰ ਸਨ।
ਮਾਨਸਾ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਅੰਦੋਲਨ ਨੂੰ ਇੱਕ ਵਰ੍ਹਾ ਮੁਕੰਮਲ ਹੋਣ ’ਤੇ ਮਾਲਵੇ ਭਰ ’ਚ ਗਏ ਹਜ਼ਾਰਾਂ ਕਿਸਾਨਾਂ, ਮਜ਼ਦੂਰ,ਮਾਈਆਂ ਅਤੇ ਨੌਜਵਾਨਾਂ ਦੇ ਵਧੇ ਹੋਏ ਹੌਸਲੇ ਤੋਂ ਬਾਅਦ ਅੱਜ ਇਥੇ ਰੇਲਵੇ ਸਟੇਸ਼ਨ ਉਤੇ ਲਾਏ ਗਏ ਧਰਨੇ ਦੌਰਾਨ ਲਗਾਤਾਰ ਕੇਂਦਰ ਸਰਕਾਰ ਖਿਲਾਫ਼ ਅੰਦੋਲਨ ਕਾਇਮ ਰੱਖਣ ਦਾ ਪ੍ਰਮੁੱਖ ਕਿਸਾਨ ਆਗੂਆਂ ਦਾ ਫੈਸਲਾ ਸਲਾਹਿਆ ਗਿਆ। ਧਰਨਾਕਾਰੀਆਂ ਨੂੰ ਰਹਿੰਦੀਆਂ ਕਿਸਾਨੀ ਮੰਗਾਂ ਅਤੇ ਐੱਮਐੱਸਪੀ ਗਾਰੰਟੀ ਕਾਨੂੰਨ ਸਮੇਤ ਹੋਰ ਮਸਲਿਆਂ ਦੇ ਹੱਲ ਲਈ ਲਗਾਤਾਰ ਪਿੰਡਾਂ ਵਿੱਚ ਨੁੱਕੜ ਰੈਲੀਆਂ ਅਤੇ ਧਰਨਿਆਂ ਵਿੱਚ ਗਿਣਤੀ ਵਧਾਉਣ ਦੀ ਅਪੀਲ ਕੀਤੀ ਗਈ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਸੁਖਚਰਨ ਸਿੰਘ ਦਾਨੇਵਾਲੀਆ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਨ ਦਾ ਫੈਸਲਾ ਵੱਡੀ ਇਤਿਹਾਸਕ ਜਿੱਤ ਹੈ ਅਤੇ ਇਹ ਜਿੱਤ ਦੇਸ਼ ਭਰ ਦੇ ਕਿਸਾਨਾਂ-ਮਜ਼ਦੂਰਾਂ ਦੇ ਏਕੇ ਆਸਰੇ ਹਾਸਲ ਕੀਤੀ ਗਈ ਹੈ, ਜਦੋਂ ਕਿ ਹੁਣ ਰਹਿੰਦੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਪਹਿਲਾਂ ਨਾਲੋਂ ਵੀ ਵੱਧ ਪਿਆਰ-ਸਤਿਕਾਰ ਵਿਖਾਉਣ ਦਾ ਸਮਾਂ ਆ ਗਿਆ ਹੈ। ਇਸ ਮੌਕੇ ਤੇਜ਼ ਸਿੰਘ ਚੁਕੇਰੀਆ, ਰਤਨ ਭੋਲਾ, ਮੱਖਣ ਸਿੰਘ ਭੈਣੀਬਾਘਾ, ਇਕਬਾਲ ਸਿੰਘ ਮਾਨਸਾ, ਸੋਮ ਦੱਤ ਸ਼ਰਮਾਂ, ਬਲਵਿੰਦਰ ਸ਼ਰਮਾਂ ਖਿਆਲਾ ਨੇ ਵੀ ਸੰਬੋਧਨ ਕੀਤਾ।
ਮੋਰਚੇ ’ਚ ਡਟੇ ਕਿਸਾਨਾਂ ਦਾ ਸਮਾਜ ਸੇਵੀਆਂ ਵੱਲੋਂ ਸਨਮਾਨ
ਫ਼ਰੀਦਕੋਟ (ਨਿੱਜੀ ਪੱਤਰ ਪ੍ਰੇਰਕ): ਪਿਛਲੇ ਇੱਕ ਸਾਲ ਤੋਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸਰਹੱਦਾਂ ਉੱਪਰ ਡਟੇ ਕਿਸਾਨਾਂ ਦਾ ਫ਼ਰੀਦਕੋਟ ਦੀ ਸੰਸਥਾ ਨੇ ਦਿੱਲੀ ਸਰਹੱਦਾਂ ’ਤੇ ਪਹੁੰਚ ਕੇ ਕਿਸਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਲੰਗਰ ਮਾਤਾ ਖੀਵੀ ਦੇ ਸੰਚਾਲਕ ਕੈਪਟਨ ਧਰਮ ਸਿੰਘ ਗਿੱਲ, ਕੌਮੀ ਬਾਸਕਿਟਬਾਲ ਖਿਡਾਰੀ ਗੁਰਦਿੱਤ ਸਿੰਘ ਸੇਖੋਂ, ਸ਼ਿਵੰਦਰਪਾਲ ਸਿੰਘ ਸੰਧੂ, ਰਣਜੀਤ ਸਿੰਘ, ਕਮਲਜੀਤ ਸਿੰਘ ਅਤੇ ਯਾਦਵਿੰਦਰ ਸਿੰਘ ਨੇ ਦਿੱਲੀ ਮੋਰਚੇ ਵਿੱਚ ਜਾ ਕੇ ਕਿਸਾਨਾਂ ਦਾ ਸਨਮਾਨ ਕੀਤਾ ਅਤੇ ਉਨ੍ਹਾਂ ਨੂੰ ਲੋੜੀਂਦੀ ਸਮੱਗਰੀ ਮੁਹੱਈਆ ਕੀਤੀ। ਗੁਰਦਿੱਤ ਸਿੰਘ ਸੇਖੋਂ ਅਤੇ ਹੈਪੀ ਬਰਾੜ ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਅਤੇ ਏਕੇ ਕਰਕੇ ਤਿੰਨੋ ਖੇਤੀ ਕਾਨੂੰਨੀ ਰੱਦ ਹੋਏ ਹਨ। ਕੈਪਟਨ ਧਰਮ ਸਿੰਘ ਗਿੱਲ ਅਤੇ ਗੁਰਦਿੱਤ ਸਿੰਘ ਸੇਖੋਂ ਵੱਲੋਂ ਹੁਣ ਤੱਕ ਲੋਕਾਂ ਦੇ ਸਹਿਯੋਗ ਨਾਲ ਦਿੱਲੀ ਸਰਹੱਦਾਂ ਉੱਪਰ ਲੋੜੀਂਦੀ ਸਮੱਗਰੀ ਦੇ 12 ਟਰੱਕ ਭੇਜੇ ਜਾ ਚੁੱਕੇ ਹਨ।