ਪਰਸ਼ੋਤਮ ਬੱਲੀ
ਬਰਨਾਲਾ, 27 ਫਰਵਰੀ
ਖੇਤੀ ਕਾਨੂੰਨਾਂ ਤੇ ਬਿਜਲੀ ਸੋਧ ਬਿੱਲ-2020 ਨੂੰ ਰੱਦ ਕਰਾਉਣ ਲਈ ਇਥੋਂ ਦੇ ਰੇਲਵੇ ਸਟੇਸ਼ਨ ਦੀ ਪਾਰਕਿੰਗ ’ਤੇ ਸਾਂਝਾ ਕਿਸਾਨ ਮੋਰਚੇ ਦਾ ਸੰਘਰਸ਼ ਜਾਰੀ ਹੈ। ਅੱਜ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਅਤੇ ਚੰਦਰ ਸ਼ੇਖਰ ਆਜ਼ਾਦ ਦੇ ਸ਼ਹੀਦੀ ਦਿਹਾੜੇ ਮੌਕੇ ਦੋਹਾਂ ਮਹਾਨ ਸ਼ਖ਼ਸੀਅਤਾਂ ਨੂੰ ਯਾਦ ਕਰਦਿਆਂ ਸਿਜਦਾ ਕੀਤਾ ਗਿਆ| ਇਸ ਮੌਕੇ ਸੰਬੋਧਨ ਕਰਨ ਵਾਲੇ ਬੁਲਾਰਿਆਂ ’ਚ ਗੁਰਨਾਮ ਸਿੰਘ ਠੀਕਰੀਵਾਲਾ, ਬਾਰਾ ਸਿੰਘ ਬਦਰਾ, ਜਸਵਿੰਦਰ ਮੰਡੇਰ, ਗੁਰਮੇਲ ਸ਼ਰਮਾ, ਹਾਕਮ ਨੂਰ, ਗੁਰਪਿਆਰ ਸਿੰਘ, ਕਰਨੈਲ ਗਾਂਧੀ, ਨਛੱਤਰ ਸਹੌਰ ਤੇ ਅਮਰਜੀਤ ਕੌਰ ਆਦਿ ਸ਼ਾਮਿਲ ਸਨ| ਇਨ੍ਹਾਂ ਬੁਲਾਰਿਆਂ ਨੇ ਕਿਹਾ ਕਿ ਗੁਰੂ ਰਵਿਦਾਸ ਨੇ ਸਮੇਂ ਦੇ ਰਜਵਾੜਿਆਂ ਖ਼ਿਲਾਫ਼ ਅਤਿ ਦੀਆਂ ਵਿਰੋਧੀ ਸਮਾਜਿਕ ਹਾਲਤਾਂ ਦੇ ਬਾਵਜੂਦ ਲੋਕਾਂ ਨੂੰ ਜਾਗਰੂਕ ਕੀਤਾ ਤੇ ਵਹਿਮਾਂ ਭਰਮਾਂ ਤੋਂ ਨਿਜ਼ਾਤ ਦਿਵਾਉਂਦਿਆਂ, ਹੱਥੀ ਕਿਰਤ ਕਰਕੇ ਵੰਡ ਛਕਣ ਦਾ ਉਪਦੇਸ਼ ਦਿੱਤਾ| ਇਨਕਲਾਬੀ ਆਗੂ ਚੰਦਰ ਸ਼ੇਖਰ ਆਜ਼ਾਦ ਨੇ ਹਾਕਮ ਅੰਗਰੇਜ਼ਾਂ ਖਿਲਾਫ਼ ਦ੍ਰਿੜਤਾ ਨਾਲ ਦੇਸ਼ ਵਾਸੀਆਂ ਲਈ ਜੂਝਦਿਆਂ ਸ਼ਹਾਦਤ ਦੀ ਮਿਸਾਲ ਪੈਦਾ ਕੀਤੀ| ਕਿਸਾਨਾਂ ਨੇ ਮੋਦੀ ਹਕੂਮਤ ਤੋਂ ਮੰਗ ਕੀਤੀ ਕਿ ਖੇਤੀ ਕਾਨੂੰਨ ਫੌਰੀ ਵਾਪਸ ਲਏ ਜਾਣ। ਮੰਚ ਦੀ ਸੰਚਾਲਨਾ ਮਹਿਲਾ ਆਗੂ ਪ੍ਰੇਮਪਾਲ ਕੌਰ ਨੇ ਕੀਤੀ|
ਮਾਨਸਾ (ਜੋਗਿੰਦਰ ਸਿੰਘ ਮਾਨ): ਖੇਤੀ ਕਾਨੂੰਨਾਂ ਵਿਰੁੱਧ ਨਿੱਤਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਗੁਰੂ ਰਵਿਦਾਸ ਦਾ ਪ੍ਰਕਾਸ਼ ਉਤਸਵ ਅਤੇ ਚੰਦਰ ਸ਼ੇਖਰ ਆਜ਼ਾਦ ਦਾ ਸ਼ਹੀਦੀ ਦਿਹਾੜਾ ਮਾਲਵੇ ਦੇ ਵੱਖ-ਵੱਖ ਧਰਨਿਆਂ ਦੌਰਾਨ ਜ਼ੋਰਦਾਰ ਢੰਗ ਨਾਲ ਮਨਾਇਆ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਵੀ ਇਨ੍ਹਾਂ ਮਹਾਨ ਹਸਤੀਆਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਪਾਏ ਪੂਰਨਿਆਂ ’ਤੇ ਚੱਲਣ ਦਾ ਪ੍ਰਣ ਲਿਆ।
ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਮਾਨਸਾ ਦੇ ਰੇਲਵੇ ਸਟੇਸ਼ਨ ਨੇੜੇ ਲਾਏ ਧਰਨੇ ਦੇ 150ਵੇਂ ਦਿਨ ਵੀ ਮੋਦੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਗਿਆ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਮੇਜਰ ਸਿੰਘ ਦੂਲੋਵਾਲ ਨੇ ਸਮੂਹ ਵਰਗਾਂ ਨੂੰ ਸੱਦਾ ਦਿੱਤਾ ਕਿ ਕੌਮਾਂਤਰੀ ਮਹਿਲਾ ਦਿਵਸ ਮੌਕੇ ਦਿੱਲੀ ਦੇ ਟਿਕਰੀ ਬਾਰਡਰ ’ਤੇ ਧਰਨੇ ਵਿੱਚ ਔਰਤਾਂ ਦੀ ਵੱਡੀ ਪੱਧਰ ’ਤੇ ਸ਼ਮੂਲੀਅਤ ਕਰਵਾਈ ਜਾਵੇ। ਇਸ ਮੌਕੇ ਭਜਨ ਸਿੰਘ ਘੁੰਮਣ, ਇਕਬਾਲ ਸਿੰਘ ਮਾਨਸਾ, ਬੋਹੜ ਸਿੰਘ ਮਾਨਸਾ, ਤੇਜ ਸਿੰਘ ਚਕੇਰੀਆਂ, ਸਾਧੂ ਸਿੰਘ ਕੋਟਲੀ, ਸੋਮ ਦੱਤ ਸ਼ਰਮਾ, ਰਤਨ ਭੋਲਾ ਅਤੇ ਹਰਗਿਆਨ ਢਿੱਲੋ ਨੇ ਵੀ ਸੰਬੋਧਨ ਕੀਤਾ।