ਪੱਤਰ ਪ੍ਰੇਰਕ
ਮਾਨਸਾ, 15 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ੀ ਕਾਲੋਨੀ ਸੰਗਰੂਰ ਦੇ ਮੁੱਖ ਗੇਟ ਸਾਹਮਣੇ ਅਣਮਿੱਥੇ ਸਮੇਂ ਲਈ ਲਗਾਏ ਗਏ ਪੱਕੇ ਮੋਰਚੇ ਨੂੰ ਹੋਰ ਪੱਕੇ ਪੈਰੀਂ ਕਰਨ ਵਾਸਤੇ ਅੱਜ ਕੀਤੀ ਗਈ ਲਲਕਾਰ ਰੈਲੀ ਵਿੱਚ ਭਾਗ ਲੈਣ ਵਾਸਤੇ ਮਾਲਵੇ ਖੇਤਰ ਚੋਂ ਵਹੀਰਾਂ ਘੱਤਕੇ ਕਿਸਾਨ ਪੁੱਜੇ। ਇਸ ਦੌਰਾਨ ਕਿਸਾਨਾਂ ਦੇ ਮਨਾਂ ਵਿੱਚ ਭਗਵੰਤ ਮਾਨ ਦੀ ਸਰਕਾਰ ਪ੍ਰਤੀ ਭਾਰੀ ਗੁੱਸੇ ਦੀ ਲਹਿਰ ਦੇਖਣ ਨੂੰ ਮਿਲੀ। ਇਸ ਦੌਰਾਨ ਕਿਸਾਨਾਂ ਨੇ ਅੱਜ ਸਵੇਰ ਤੋਂ ਹੀ ਪਿੰਡਾਂ ’ਚੋਂ ਸੰਗਰੂਰ ਵੱਲ ਚਾਲੇ ਪਾਏ ਹੋਏ ਸਨ। ਦਰਜਨਾਂ ਪਿੰਡਾਂ ਦੇ ਕਿਸਾਨਾਂ ਸੰਗਰੂਰ ਧਰਨੇ ਲਈ ਦੁੱਧ, ਆਟਾ, ਸਬਜ਼ੀਆਂ, ਦਾਲਾਂ ਅਤੇ ਹੋਰ ਸਾਮਾਨ ਲੈ ਕੇ ਗਏ।
ਦਿੱਲੀ ਅੰਦੋਲਨ ਵਾਂਗ ਹੁਣ ਸੰਗਰੂਰ ਵੱਲ ਨੂੰ ਵੀ ਮਾਲਵਾ ਪੱਟੀ ’ਚੋਂ ਕਿਸਾਨਾਂ ਦੇ ਵੱਡੇ ਜਥੇ ਹਰ ਰੋਜ਼ ਰਵਾਨਾ ਹੋਣ ਲੱਗੇ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਮਾਲਵਾ ਖੇਤਰ ਦੇ ਮਾਨਸਾ ਤੋਂ ਇਲਾਵਾ, ਬਰਨਾਲਾ, ਬਠਿੰਡਾ, ਮੋਗਾ, ਮੁਕਤਸਰ, ਫਾਜ਼ਿਲਕਾ, ਫਰੀਦਕੋਟ ਤੋਂ ਵੀ ਕਿਸਾਨਾਂ ਦੇ ਵੱਡੇ ਕਾਫਲੇ ਸਵੇਰ ਤੋਂ ਹੀ ਰਵਾਨਾ ਹੋਣ ਲੱਗੇ ਸਨ। ਭਾਵੇਂ ਕਿ 9 ਅਕਤੂਬਰ ਤੋਂ ਮੋਰਚੇ ਦੇ ਆਰੰਭ ਵਾਲੇ ਦਿਨ ਤੋਂ ਹੀ ਕਿਸਾਨਾਂ ਨੇ ਉੱਥੇ ਪੱਕੇ ਮੋਰਚੇ ਲਾਏ ਹੋਏ ਹਨ, ਪਰ ਅੱਜ ਲਲਕਾਰ ਰੈਲੀ ਲਈ ਮਾਲਵਾ ਖੇਤਰ ਦੇ ਕਿਸਾਨਾਂ ਵਿੱਚ ਸਰਕਾਰ ਪ੍ਰਤੀ ਭਾਰੀ ਗੁੱਸੇ ਦੀ ਲਹਿਰ ਦਿਖਾਈ ਦਿੱਤੀ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਅੱਜ ਵੱਡੀ ਪੱਧਰ ਉੱਤੇ ਕਿਸਾਨ ਸਰਕਾਰ ਵੱਲੋਂ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਸੰਗਰੂਰ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਸੰਗਰੂਰ ਦੇ ਪੱਕੇ ਮੋਰਚੇ ਤੋਂ ਦਿੱਲੀ ਦੇ ਕਿਸਾਨ ਅੰਦੋਲਨ ਵਾਂਗ ਜਿੱਤ ਹਾਸਲ ਕਰ ਕੇ ਹੀ ਮੁੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਦੀ ਲਲਕਾਰ ਰੈਲੀ ਵਿੱਚ ਕਿਸਾਨ ਜਥੇਬੰਦੀ ਨੇ ਮਾਲਵਾ ਖੇਤਰ ’ਚੋਂ ਵੱਡੀ ਪੱਧਰ ’ਤੇ ਹਾਜ਼ਰੀ ਲਗਵਾਉਣ ਤੋਂ ਬਾਅਦ ਦੱਸਿਆ ਕਿ ਭਾਵੇਂ ਸਰਕਾਰ ਉਨ੍ਹਾਂ ਨਾਲ ਕੋਈ ਵੀ ਗੱਲ ਨਹੀਂ ਕਰ ਰਹੀ ਹੈ, ਪਰ ਸਾਰਥਿਕ ਹੁੰਗਾਰਾ ਨਾ ਭਰੇ ਜਾਣ ਤੋਂ ਬਾਅਦ ਹੁਣ 20 ਅਕਤੂਬਰ ਨੂੰ ਸਰਕਾਰ ਵਿਰੁੱਧ ਵੱਡੇ ਅੰਦੋਲਨ ਦਾ ਐਲਾਨ ਕੀਤਾ ਜਾਵੇਗਾ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਂਗ ਭਗਵੰਤ ਮਾਨ ਦੇ ਨੱਕ ਵਿੱਚ ਦਮ ਕਰ ਕੇ ਅੰਦੋਲਨ ਨੂੰ ਜਿੱਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਨਾਲ ਵਾਅਦੇ ਕਰ ਕੇ ਹੁਣ ਉਨ੍ਹਾਂ ’ਤੇ ਖੜ੍ਹਨਾ ਚਾਹੀਦਾ ਹੈ ਅਤੇ ਲੁਕ-ਲੁਕ ਕੇ ਜ਼ਿਆਦਾ ਸਮਾਂ ਨਹੀਂ ਲੰਘਾਇਆ ਜਾ ਸਕਦਾ ਹੈ।