ਮਨੋਜ ਸ਼ਰਮਾ
ਬਠਿੰਡਾ, 3 ਜਨਵਰੀ
ਪੰਜਾਬ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕਰਨ, ਕਿਸਾਨ ਆਗੂਆਂ ਨਾਲ ਮੀਟਿੰਗਾਂ ਵਾਰ-ਵਾਰ ਰੱਦ ਕਰਨ ਅਤੇ ਕੇਂਦਰ ਸਰਕਾਰ ਵੱਲੋਂ ਕਿਸਾਨ ਆਗੂਆਂ ਨਾਲ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕਰਨ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਇੱਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਨੂੰਮਾਨ ਚੌਕ ਵਿੱਚ ਪੁਤਲੇ ਫੂਕੇ ਗਏ। ਅੱਜ ਦੇ ਮੁੱਖ ਬੁਲਾਰਿਆਂ ’ਚ ਸ਼ਾਮਲ ਸ਼ਿੰਗਾਰਾ ਸਿੰਘ ਮਾਨ, ਮੋਠੂ ਸਿੰਘ ਕੋਟੜਾ, ਹਰਜਿੰਦਰ ਸਿੰਘ ਬੱਗੀ, ਬਸੰਤ ਸਿੰਘ ਕੋਠਾ ਗੁਰੂ ,ਹਰਿੰਦਰ ਕੌਰ ਬਿੰਦੂ, ਪਰਮਜੀਤ ਕੌਰ ਪਿੱਥੋ ਤੇ ਪਰਮਜੀਤ ਕੌਰ ਕੋਟੜਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਿਸਾਨਾਂ ਨਾਲ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਨ ਅਤੇ ਰਹਿੰਦੀਆਂ ਮੰਗਾਂ ਸਬੰਧੀ ਮੀਟਿੰਗ ਤੋਂ ਕੀਤੀ ਢਿੱਲ ਖ਼ਿਲਾਫ਼ ਕਿਸਾਨਾਂ ਦਾ ਗੁੱਸਾ ਵਧ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫਸਲਾਂ ਦੇ ਖਰਾਬੇ ਦਾ ਮੁਆਵਜ਼ਾ ਦੇਣਾ ਤਾਂ ਦੂਰ ਅਜੇ ਤਕ ਪਿੰਡਾਂ ਵਿੱਚ ਲਿਸਟਾਂ ਨਹੀਂ ਲਾਈਆਂ ਗਈਆਂ। ਉਨ੍ਹਾਂ ਦੋਸ਼ ਲਾਇਆ ਕਿ ਅੱਜ ਤਲਵੰਡੀ ਬਲਾਕ ਦੇ ਪਿੰਡ ਨੱਤ ਵਿੱਚ ਕਿਸਾਨਾਂ ਦੇ ਮੁਆਵਜ਼ੇ ਦੀ ਸੂਚੀ ਜਾਰੀ ਕੀਤੀ ਗਈ ਜਿਸ ਵਿੱਚ ਵੱਡੀ ਪੱਧਰ ’ਤੇ ਖ਼ਰਾਬ ਹੋਈ ਫ਼ਸਲ ਵਾਲੇ ਕਿਸਾਨਾਂ ਦੇ ਨਾਂ ਸ਼ਾਮਲ ਨਹੀਂ ਹਨ, ਮੁਆਵਜ਼ੇ ਦੀ ਲਿਸਟ ਵਿੱਚ ਨਾਮ ਵੀ ਕਾਸ਼ਤਕਾਰਾਂ ਦੀ ਬਜਾਏ ਜ਼ਮੀਨ ਮਾਲਕਾਂ ਦੇ ਸਾਂਝੇ ਹਿੱਸੇਦਾਰਾਂ ਦੇ ਦਿੱਤੇ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਤੁਰੰਤ ਸਾਰੇ ਪਿੰਡਾਂ ਵਿਚ ਮੁਆਵਜ਼ੇ ਦੇ ਹੱਕਦਾਰ ਕਾਸ਼ਤਕਾਰ ਕਿਸਾਨਾਂ ਦੀਆਂ ਲਿਸਟਾਂ ਜਾਰੀ ਕੀਤੇ ਜਾਣ।
ਅੱਜ ਦੂਜੇ ਦਿਨ ਵੀ ਪੰਜਾਬ ਦੀਆਂ ਦਰਜਨ ਕਿਸਾਨ ਜਥੇਬੰਦੀਆਂ ਦੇ ਸੱਦੇ ਤਹਿਤ ਦੇਸ਼ ਦੇ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਮੌਕੇ ਦਿੱਲੀ ਖੇਤੀ ਮੋਰਚੇ ਦੌਰਾਨ ਕਿਸਾਨ ਆਗੂਆਂ ਨਾਲ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕਰਕੇ ਲਖੀਮਪੁਰ (ਯੂਪੀ) ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਲੜਕੇ ਵੱਲੋਂ ਕਿਸਾਨਾਂ ’ਤੇ ਸਿੱਧੀ ਗੱਡੀ ਚੜ੍ਹਾ ਕੇ ਸ਼ਹੀਦ ਕਰਨ ਦੇ ਜ਼ਿੰਮੇਵਾਰ ਭੜਕਾਊ ਬਿਆਨ ਦੇਣ ਵਾਲੇ ਇਸ ਘਟਨਾ ਦੇ ਜ਼ਿੰਮੇਵਾਰ ਇਸ ਮੰਤਰੀ ਨੂੰ ਬਰਖਾਸਤ ਕਰ ਕੇ ਇਸ ਖ਼ਿਲਾਫ਼ ਪਰਚਾ ਕਰਨ ਦੀ ਬਜਾਏ ਉੱਥੋਂ ਦੇ ਕਿਸਾਨਾਂ ਨੂੰ ਹੀ ਧਮਕਾਇਆ ਜਾ ਰਿਹਾ ਹੈ। ਸਾਰੇ ਦੇਸ਼ ਵਿੱਚ ਸਾਰੀਆਂ ਫ਼ਸਲਾਂ ਤੇ ਐੱਮਐੱਸਪੀ ਲਾਗੂ ਕਰਕੇ ਫਸਲਾਂ ਦੀ ਖਰੀਦ ਦੇ ਵਾਅਦੇ ਤੇ ਚੁੱਪ ਧਾਰੀ ਹੋਈ ਹੈ। ਜ਼ਿਲ੍ਹੇ ਦੇ ਪਿੰਡਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ 55 ਪਿੰਡਾਂ ਸਮੇਤ ਦੋਵੇਂ ਦਿਨਾਂ ਵਿੱਚ ਕੁੱਲ 119 ਅਰਥੀਆਂ ਸਾੜੀਆਂ ਗਈਆਂ।
ਫ਼ਰੀਦਕੋਟ (ਜਸਵੰਤ ਜੱਸ): ਕਿਸਾਨਾਂ ਦੀਆਂ ਮੰਗਾਂ ਦੇ ਹੱਕ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਅੱਜ ਵੀ ਰੋਸ ਧਰਨਾ ਦਿੱਤਾ। ਕਿਸਾਨ ਆਗੂ ਜਸਪਾਲ ਸਿੰਘ ਨੰਗਲ, ਤਾਰਾ ਸਿੰਘ, ਜਸਪ੍ਰੀਤ ਸਿੰਘ, ਬਲਵਿੰਦਰ ਸਿੰਘ, ਬਲਦੇਵ ਸਿੰਘ, ਨਿਰਮਲ ਸਿੰਘ ਤੇ ਚਰਨਜੀਤ ਸਿੰਘ ਸੁੱਖਣਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਸਾਜਿਸ਼ ਤਹਿਤ ਸਰਕਾਰੀ ਬ੍ਰਿਜਿੰਦਰਾ ਕਾਲਜ ਵਿੱਚ ਬੀ.ਐੱਸ.ਸੀ ਖੇਤੀਬਾੜੀ ਦੀਆਂ ਚੱਲ ਰਹੀਆਂ ਕਲਾਸਾਂ ਨੂੰ ਸਾਜਿਸ਼ ਤਹਿਤ ਬੰਦ ਕੀਤਾ ਗਿਆ ਹੈ ਜਦੋਂ ਕਿ ਆਧੁਨਿਕ ਖੇਤੀ ਲਈ ਬ੍ਰਿਜਿੰਦਰਾ ਕਾਲਜ ਵਿੱਚ ਬੀ.ਐੱਸ.ਸੀ ਖੇਤੀਬਾੜੀ ਦੀ ਪੜ੍ਹਾਈ ਲਾਜ਼ਮੀ ਹੈ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਫ਼ਸਲੀ ਮੁਆਵਜ਼ਾ ਤੇ ਹੋਰ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਪੱਕਾ ਧਰਨਾ ਪੰਦਰਵੇਂ ਦਿਨ ਅਤੇ ਸਕੱਤਰੇਤ ਦਾ ਘਿਰਾਓ ਚੌਥੇ ਦਿਨ ਵੀ ਜਾਰੀ ਰਿਹਾ। ਸਕੱਤਰੇਤ ਗੇਟ ਬੰਦ ਹੋਣ ਨਾਲ ਡੀਸੀ,ਐੱਸਐੱਸਪੀ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਦਫ਼ਤਰਾਂ ਵਿੱਚ ਨਾ ਪੁੱਜ ਸਕੇ। ਜਥੇਬੰਦੀ ਦੇ ਸੁਬਾਈ ਆਗੂ ਸੁਖਦੇਵ ਸਿੰਘ ਕੋਕਰੀ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੇ ਕੇ ਤੇ ਜ਼ਿਲ੍ਹਾ ਜਨਰਲ ਸਕੱਤਰ ਗੁਰਮੀਤ ਸਿੰਘ ਕਿਸਨਪੁਰਾ, ਬਲੌਰ ਸਿੰਘ ਘਾਲੀ ਤੇ ਜੇਈ ਲਖਵੀਰ ਸਿੰਘ ਤੂਰ ਖੋਸਾ ਪਾਂਡੋ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 3 ਜਨਵਰੀ ਦੀ ਲਿਖਤੀ ਮੀਟਿੰਗ ਦਾ ਸਮਾਂ ਦੇ ਕੇ ਕਿਸਾਨਾਂ ਦੀਆਂ ਮੰਗਾਂ ਮੰਨਣ ਤੋਂ ਫਿਰ ਭੱਜ ਗਿਆ ਹੈ। ਇੱਥੇ ਭਲਕੇ 5 ਜਨਵਰੀ ਨੂੰ ਜ਼ਿਲ੍ਹਾ ਸਕੱਤਰੇਤ ਅੱਗੇ ਮੋਦੀ ਸਰਕਾਰ ਦੀ ਅਰਥੀ ਸਾੜੀ ਜਾਵੇਗੀ।
ਮਾਨਸਾ (ਜੋਗਿੰਦਰ ਸਿੰਘ ਮਾਨ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ਵਿੱਚ 20 ਦਸੰਬਰ ਤੋਂ ਡੀ.ਸੀ. ਦਫਤਰ ਨੇੜੇ ਸ਼ੁਰੂ ਕੀਤੇ ਦਿਨ-ਰਾਤ ਦੇ ਮੋਰਚੇ ਦੌਰਾਨ ਪਿਛਲੇ ਲਗਾਤਾਰ 5 ਦਿਨਾਂ ਤੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸਾਂ ਦੇ ਮੁੱਖ ਗੇਟਾਂ ਦੇ ਘਿਰਾਓ ਵੀ ਜਾਰੀ ਹੈ। ਮਾਨਸਾ ਦੇ ਡੀ.ਸੀ ਦਫ਼ਤਰ ਦਾ ਘਿਰਾਓ ਕਰੀ ਬੈਠੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਅਤੇ ਆਗੂ ਜਗਸੀਰ ਸਿੰਘ ਜਵਾਹਰਕੇ ਨੇ ਕਿਹਾ ਕਿ ਸਰਕਾਰ ਮੰਨੀਆਂ ਮੰਗਾਂ ਨੂੰ ਪੂਰਾ ਕਰੇ।
ਮੁਕਤਸਰ ’ਚ ਡੀਸੀ ਦਫ਼ਤਰ ਦੇ ਤਿੰਨੋਂ ਗੇਟ ਬੰਦ ਕੀਤੇ
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ 20 ਦਸੰਬਰ ਤੋਂ ਸ਼ੁਰੂ ਕੀਤੇ ਦਿਨ-ਰਾਤ ਦੇ ਧਰਨੇ ਦੌਰਾਨ ਡਿਪਟੀ ਕਮਿਸ਼ਨਰ ਦਫਤਰ ਦਾ ਅੱਜ ਚੌਥੇ ਦਿਨ ਮੁੜ ਘਿਰਾਓ ਕੀਤਾ ਗਿਆ। ਕਿਸਾਨਾਂ ਨੇ ਡੀਸੀ ਦਫਤਰ ਦੇ ਤਿੰਨੇ ਗੇਟਾਂ ਨੂੰ ਬੰਦ ਕਰਨ ਲਈ ਤਿੰਨ ਟੀਮਾਂ ਬਣਾ ਕੇ ਦਫਤਰ ਸੀਲ ਬੰਦ ਕਰ ਦਿੱਤਾ। ਮੁੱਖ ਗੇਟ ਮੂਹਰੇ ਗੁਰਭਗਤ ਸਿੰਘ ਭਲਾਈਆਣਾ, ਗੁਰਪਾਸ਼ ਸਿੰਘ ਸਿੰਘੇਵਾਲਾ ਅਤੇ ਭੁਪਿੰਦਰ ਸਿੰਘ ਚੰਨੂ ਦੀ ਅਗਵਾਈ ਹੇਠ ਬੰਦ ਕੀਤਾ ਜਦੋਂ ਕਿ ਦੂਜੇ ਦੋਵੇਂ ਗੇਟ ਹਰਬੰਸ ਸਿੰਘ ਕੋਟਲੀ ਅਤੇ ਹਰਫੂਲ ਸਿੰਘ ਦੀ ਅਗਵਾਈ ਹੇਠ ਬੰਦ ਕੀਤੇ ਗਏ। ਭਾਵੇਂ ਇਸ ਬੰਦੀ ਨਾਲ ਆਮ ਲੋਕਾਂ ਨੂੰ ਡਾਢੀ ਪ੍ਰੇਸ਼ਾਨੀ ਹੋਈ ਪਰ ਕਿਸਾਨ ਆਗੂਆਂ ਨੇ ਆਪਣਾ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਤਿੰਨ ਵਾਰ ਬੈਠਕਾਂ ਦਾ ਸਮਾਂ ਦੇ ਕੇ ਬੈਠਕ ਨਹੀਂ ਕੀਤੀ ਜਿਸ ਕਰਕੇ ਉਨ੍ਹਾਂ ਇਹ ਸਖਤ ਕਦਮ ਚੁੱਕਿਆ।