ਪਰਸ਼ੋਤਮ ਬੱਲੀ
ਬਰਨਾਲਾ, 4 ਅਪਰੈਲ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਬਰਨਾਲਾ ਰੇਲਵੇ ਸਟੇਸ਼ਨ ‘ਤੇ ਲੱਗਿਆ ਧਰਨਾ ਅੱਜ 186ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ| ਧਰਨੇ ਨੂੰ ਸੰਬੋਧਨ ਕਰਦਿਆਂ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਗੋਰਾ ਸਿੰਘ ਢਿਲਵਾਂ, ਨਛੱਤਰ ਸਿੰਘ ਸਾਹੌਰ ਤੇ ਪ੍ਰੇਮਪਾਲ ਕੌਰ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਲਈ ਨਿੱਤ ਕੋਈ ਨਾ ਕੋਈ ਨਵਾਂ ਫੁਰਮਾਨ ਲੈ ਕੇ ਆ ਰਹੀ ਹੈ| ਕਣਕ ਦੀ ਖਰੀਦ ਦੇ ਸਬੰਧ ਵਿੱਚ ਐੱਫਸੀਆਈ ਦਾ ਤਾਜ਼ਾ ਫੁਰਮਾਨ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਵਾਲੀ ਇਸੇ ਕੜੀ ਦਾ ਇੱਕ ਹਿੱਸਾ ਹੈ| ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਇਨ੍ਹਾਂ ਚਾਲਾਂ ਦਾ ਵਿਰੋਧ ਕਰਨ ਲਈ ਸੰਯੁੁਕਤ ਕਿਸਾਨ ਮੋਰਚੇ ਨੇ ਦੇਸ਼ ਭਰ ਵਿੱਚ 5 ਅਪਰੈਲ ਨੂੰ ਐੱਫਸੀਆਈ ਦੇ ਦਫ਼ਤਰਾਂ ਦਾ ਘਿਰਾਓ ਕਰਨ ਦਾ ਸੱਦਾ ਦਿੱਤਾ ਹੈ| ਬਰਨਾਲਾ ਜ਼ਿਲ੍ਹੇ ਵਿੱਚ ਮੋਰਚੇ ਦੇ ਇਸ ਸੱਦੇ ਨੂੰ ਲਾਗੂ ਕਰਨ ਲਈ ਤਿਆਰੀਆਂ ਮੁੁਕੰਮਲ ਕਰ ਲਈਆਂ ਗਈਆਂ ਹਨ| ਸੋਮਵਾਰ ਨੂੰ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਐਫਸੀਆਈ ਦੇ ਦਫ਼ਤਰਾਂ ਦਾ ਮੁੁਕੰਮਲ ਘਿਰਾਓ ਕੀਤਾ ਜਾਵੇਗਾ|
ਮਹਿਲ ਕਲਾਂ (ਨਵਕਿਰਨ ਸਿੰਘ): ਖੇਤੀ ਕਾਨੂੰਨਾਂ ਖਿਲਾਫ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਮਹਿਲ ਕਲਾਂ ਵਿੱਚ ਚੱਲ ਰਹੇ ਪੱਕੇ ਕਿਸਾਨ ਮੋਰਚੇ ਵਿੱਚ ਅੱਜ ਮਹਿਲ ਕਲਾਂ ਨਾਲ ਸਬੰਧਤ ਸਮੂਹ ਪੱਤਰਕਾਰ ਕਾਲੇ ਬਿੱਲੇ ਲਗਾ ਕੇ ਸ਼ਾਮਲ ਹੋਏ। ਇਸ ਮੌਕੇ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਆਗੂ ਪ੍ਰੀਤਮ ਸਿੰਘ ਦਰਦੀ, ਬਲਜਿੰਦਰ ਢਿੱਲੋਂ, ਅਵਤਾਰ ਅਣਖੀ, ਬਲਵਿੰਦਰ ਸਿੰਘ ਵਜ਼ੀਦਕੇ ਤੇ ਜਗਰਾਜ ਸਿੰਘ ਮੂੰਮ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਅਤੇ ਹੱਕੀ ਹਨ। ਇਸ ਲਈ ਸਮਾਜ ਦੇ ਹਰ ਵਰਗ ਨੂੰ ਕਿਸਾਨਾਂ ਦੀ ਹਮਾਇਤ ਕਰਨੀ ਚਾਹੀਦੀ ਹੈ।
ਜ਼ੀਰਾ (ਹਰਮੇਸ਼ ਪਾਲ ਨੀਲੇਵਾਲ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਰਿਲਾਇੰਸ ਪੰਪ ਵਲੂਰ ਵਿੱਚ ਲਗਾਇਆ ਗਿਆ ਧਰਨਾ 187ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਭਾਗ ਸਿੰਘ ਮਰਖਾਈ, ਜ਼ਿਲ੍ਹਾ ਪ੍ਰੈੱਸ ਸਕੱਤਰ ਹਰਜਿੰਦਰ ਸਿੰਘ ਗਿੱਲ ਨੇ ਕਿਹਾ ਕਿ ਅੱਜ 5 ਅਪਰੈਲ ਨੂੰ ਪੰਜਾਬ ਦੇ ਸਾਰੇ ਐੱਫਸੀਆਈ ਦਫਤਰਾਂ ਅੱਗੇ ਧਰਨੇ ਦਿੱਤੇ ਜਾਣਗੇ। ਇਸ ਲੜੀ ਤਹਿਤ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਵੀ ਐੱਫਸੀਆਈ ਦਫਤਰ ਦਾ ਘਿਰਾਓ ਕੀਤਾ ਜਾਵੇਗਾ।
ਭੁੱਚੋ ਮੰਡੀ (ਪਵਨ ਗੋਇਲ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਲਹਿਰਾ ਬੇਗਾ ਟੌਲ ਪਲਾਜ਼ਾ ’ਤੇ ਜ਼ਿਲ੍ਹਾ ਪੱਧਰੀ ਮੀਟਿੰਗ ਕਰਕੇ ਸੰਯੁਕਤ ਕਿਸਾਨ ਮੋਰਚੇ ਦੇ ਅਗਾਮੀ ਸੰਘਰਸ਼ਾਂ ਦੇ ਪ੍ਰਬੰਧਾਂ ਸਬੰਧੀ ਵਿਉਂਤਬੰਦੀ ਉਲੀਕ ਗਈ। ਇਸ ਦੀ ਅਗਵਾਈ ਕਰ ਰਹੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਜ਼ਿਲ੍ਹਾ ਬਠਿੰਡਾ ਵਿੱਚ ਤਲਵੰਡੀ ਸਾਬੋ, ਮੌੜ ਮੰਡੀ, ਭੁੱਚੋ ਮੰਡੀ ਅਤੇ ਗੋਨਿਆਣਾ ਦੇ ਐੱਫਸੀਆਈ ਦਫਤਰਾਂ ਦਾ ਘਿਰਾਓ ਕੀਤਾ ਜਾਵੇਗਾ।
ਸਿਰਸਾ (ਪ੍ਰਭੂ ਦਿਆਲ): ਕਿਸਾਨ ਸਭਾ ਦੇ ਆਗੂ ਸਵਰਨ ਸਿੰਘ ਵਿਰਕ ਨੇ ਕਿਹਾ ਹੈ ਕਿ ਲੋਕ ਵਿਰੋਧੀ ਕਾਲੇ ਕਾਨੂੰਨਾਂ ਨੂੰ ਮੋਦੀ ਸਰਕਾਰ ਕਿਸਾਨੀ ਅੰਦੋਲਨ ਨੂੰ ਢਾਹ ਲਾਉਣ ਲਈ ਜਿਥੇ ਕੋਝੇ ਹੱਥਕੰਡੇ ਵਰਤ ਰਹੀ ਹੈ ਉਥੇੇ ਹੀ ਹਰਿਆਣਾ ਦੀ ਭਾਜਪਾ-ਜਜਪਾ ਗੱਠਜੋੜ ਸਰਕਾਰ ਨੇ ਕਿਸਾਨਾਂ ’ਤੇ ਲਾਠੀਚਾਰਜ ਕਰਕੇ ਕਿਸਾਨਾਂ ਨੂੰ ਸੰਘਰਸ਼ ਹੋਰ ਤਿੱਖਾ ਕਰਨ ਲਈ ਮਜਬੂਰ ਕੀਤਾ ਹੈ। ਕਿਸਾਨ ਆਪਣੇ ਸੰਘਰਸ਼ ਨੂੰ ਤਿੱਖਾ ਕਰਦੇ ਹੋਏ ਭਲਕੇ ਐੱਫਸੀਆਈ ਦੇ ਗੋਦਾਮਾਂ ਅੱਗੇ ਸਾਰਾ ਦਿਨ ਧਰਨਾ ਦੇਣਗੇ।
ਸਮਾਲਸਰ (ਗੁਰਜੰਟ ਕਲਸੀ): ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ ਲਾਭ ਸਿੰਘ ਰੋਡੇ ਨੇ ਦੱਸਿਆ ਕਿ ਅੱਜ ਬੀਕੇਯੂ ਕ੍ਰਾਂਤੀਕਾਰੀ ਨੇ ਰਿਲਾਇੰਸ ਪਟਰੌਲ ਪੰਪ ਰਾਜਿਆਣਾ ’ਤੇ ਪੱਕੇ ਮੋਰਚੇ ਦੌਰਾਨ ਰੋਹ ਭਰਪੂਰ ਰੈਲੀ ਕੀਤੀ। ਰੈਲੀ ਨੂੰ ਨੇਕ ਸਿੰਘ ਵੈਰੋਕੇ, ਗੁਰਦਰਸ਼ਨ ਸਿੰਘ ਕੈਸ਼ੀਅਰ, ਲਾਭ ਸਿੰਘ ਰੋਡੇ, ਧੰਨਾ ਸਿੰਘ, ਬਲਵਿੰਦਰ ਸਿੰਘ ਪੱਪੂ ਅਤੇ ਸੂਬਾ ਮੀਤ ਪ੍ਰਧਾਨ ਗੁਰਦੀਪ ਵੈਰੋਕੇ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਟਿਕੈਤ ’ਤੇ ਹਮਲਾ ਬੁਖਲਾਹਟ ਦਾ ਨਤੀਜਾ ਹੈ। ਇਸ ਮੌਕੇ ਉਨ੍ਹਾਂ 5 ਅਪਰੈਲ ਨੂੰ ਐੱਫਸੀਆਈ ਦੇ ਜ਼ਿਲ੍ਹਾ ਹੈੱਡਕੁਆਰਟਰ ’ਤੇ ਰੱਖੇ ਧਰਨੇ ਵਿੱਚ ਪੁੱਜਣ ਦਾ ਸੱਦਾ ਦਿੱਤਾ।
ਕਿਸਾਨਾਂ ’ਤੇ ਲਾਠੀਚਾਰਜ ਵਿਰੁੱਧ ਚੱਕਾ ਜਾਮ
ਸਿਰਸਾ: ਹਰਿਆਣਾ ਦੇ ਮੁੱਖ ਮੰਤਰੀ ਦੇ ਰੋਹਤਕ ਦੌਰੇ ਦੌਰਾਨ ਕਿਸਾਨਾਂ ਵੱਲੋਂ ਕੀਤੇ ਗਏ ਵਿਰੋਧ ਸਮੇਂ ਪੁਲੀਸ ਵੱਲੋਂ ਕਿਸਾਨਾਂ ’ਤੇ ਕੀਤੇ ਲਾਠੀਚਾਰਜ ਦੇ ਵਿਰੋਧ ਵਿੱਚ ਕਿਸਾਨਾਂ ਨੇ ਲੰਘੀ ਅੱਧੀ ਰਾਤ ਤੋਂ ਨੈਸ਼ਨਲ ਹਾਈਵੇਅ-9 ’ਤੇ ਜਾਮ ਲਾ ਦਿੱਤਾ। ਅਚਾਨਕ ਜਾਮ ਲਾਏ ਜਾਣ ਕਾਰਨ ਹਾਈਵੇਅ ’ਤੇ ਵੱਡੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਛੋਟੇ ਵਾਹਨਾਂ ਨੂੰ ਪੁਲੀਸ ਨੇ ਬਦਲਵੇਂ ਰਾਹਾਂ ਤੋਂ ਲੰਘਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅੱਜ ਦੁਪਹਿਰ ਬਾਅਦ ਕਿਸਾਨਾਂ ਵੱਲੋਂ ਜਾਮ ਖੋਲ੍ਹੇ ਜਾਣ ’ਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਸੀਨੀਅਰ ਕਿਸਾਨ ਆਗੂਆਂ ਦੇ ਕਹਿਣ ਮਗਰੋਂ ਜਾਮ ਖੋਲ੍ਹਿਆ ਗਿਆ ਹੈ। ਜਾਮ ਦੌਰਾਨ ਬਰਾਤ, ਮਰੀਜ਼ਾਂ ਤੇ ਮਹਿਲਾਵਾਂ ਨੂੰ ਨਹੀਂ ਸੀ ਰੋਕਿਆ ਗਿਆ।