ਪੱਤਰ ਪ੍ਰੇਰਕ
ਪੱਖੋ ਕੈਂਚੀਆਂ, 10 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪੱਖੋ ਕੈਂਚੀਆਂ ਨੇੜੇ ਲੱਗੇ ਟੌਲ ਪਲਾਜ਼ਾ ਪੁਟਾਉਣ ਲਈ ਪੱਕਾ ਮੋਰਚਾ 16ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਕਿਸਾਨਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਰੋਸ ਪ੍ਰਗਟ ਕੀਤਾ। ਧਰਨੇ ਨੂੰ ਸੰਬੋਧਨ ਕਰਦਿਆਂ ਬੀਕੇਯੂ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਕਿਹਾ ਕਿ ਇਹ ਗਲਤ ਜਗ੍ਹਾ ’ਤੇ ਲੱਗਿਆ ਟੌਲ ਪਲਾਜ਼ਾ ਹਰ ਹਾਲਤ ਵਿਚ ਪੁੱਟਵਾ ਕੇ ਲੋਕਾਂ ਦੀ ਹੁੰਦੀ ਲੁੱਟ ਨੂੰ ਬਚਾਇਆ ਜਾਵੇਗਾ ਕਿਉਂਕਿ ਕਿਸਾਨ ਜਥੇਬੰਦੀਆਂ ਨੇ ਹੁਣ ਤੱਕ ਜਿੱਥੇ ਵੀ ਸੰਘਰਸ਼ ਆਰੰਭ ਕੀਤਾ, ਉੱਥੇ ਹਮੇਸ਼ਾ ਹੀ ਜਿੱਤ ਦਾ ਝੰਡਾ ਗੱਡਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇੱਥੋ ਟੌਲ ਪਲਾਜ਼ਾ ਬਦਲ ਨਹੀਂ ਜਾਂਦਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਦਰਸ਼ਨ ਸਿੰਘ ਉੱਗੋਕੇ, ਭੋਲਾ ਸਿੰਘ ਛੰਨਾ, ਕੁਲਵੰਤ ਸਿੰਘ ਮਾਨ, ਹਰਮੰਡਲ ਸਿੰਘ ਜੋਧਪੁਰ, ਬਲਵੰਤ ਸਿੰਘ ਚੀਮਾ, ਰਾਜਿੰਦਰ ਸਿੰਘ ਚੀਮਾ, ਰੇਸ਼ਮ ਜੰਗੀਆਣਾ, ਗੋਗੀ ਚੀਮਾ, ਜਸਵਿੰਦਰ ਸਿੰਘ ਸੋਨੀ, ਹਰਬੰਸ ਸਿੰਘ ਗੱਗਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।