ਪੱਤਰ ਪ੍ਰੇਰਕ
ਫਾਜ਼ਿਲਕਾ, 4 ਮਈ
ਸੀ.ਆਈ.ਏ. ਸਟਾਫ਼ ਵੱਲੋਂ ਪਿੰਡ ਨੂਰਸਮੰਦ ਦੇ ਇਕ ਨੌਜਵਾਨ ਨੂੰ ਥਾਣਾ ਸਦਰ ਫਾਜ਼ਿਲਕਾ ਵਿਖੇ ਲਿਜਾ ਕੇ ਮਾਰਕੁੱਟ ਕਰਨ ਅਤੇ ਮਾਮਲਾ ਦਰਜ ਕਰਨ ਦੇ ਰੋਸ ਵਜੋਂ ਕਿਸਾਨ ਅਤੇ ਖੇਤ ਮਜ਼ਦੂਰ ਯੂਨੀਅਨ ਅਤੇ ਵੱਖ ਵੱਖ ਪਿੰਡਾਂ ਦੇ ਵਾਸੀਆਂ ਨੇ ਸੀਆਈਏ ਸਟਾਫ਼ ਅਤੇ ਥਾਣਾ ਸਦਰ ਪੁਲੀਸ ਫਾਜ਼ਿਲਕਾ ਦੇ ਖਿਲਾਫ਼ ਫਾਜ਼ਿਲਕਾ ਦੇ ਫਲਾਈਓਵਰ ’ਤੇ ਧਰਨਾ ਲਗਾ ਕੇ ਰੋੋਸ ਪ੍ਰਦਰਸ਼ਨ ਕੀਤਾ ਗਿਆ। ਧਰਨਾਕਾਰੀਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੋਈ ਲੁੱਟ-ਖੋਹ ਦੀ ਘਟਨਾ ਦੀ ਪੁੱਛ-ਗਿੱਛ ਕਰਨ ਲਈ ਸੀਆਈਏ ਸਟਾਫ਼ ਵੱਲੋਂ ਪਿੰਡ ਨੂਰਸਮੰਦ ਦੇ ਵਾਸੀ ਰਮਨ ਸਿੰਘ ਨੂੰ ਥਾਣਾ ਸਦਰ ਬੁਲਾਇਆ ਗਿਆ ਸੀ ਜਿਸ ’ਚ ਉਸ ਤੋਂ ਪੁੱਛਗਿੱਛ ਕੀਤੀ ਗਈ ਅਤੇ ਉਸ ਦੀ ਨਿਸ਼ਾਨਦੇਹੀ ’ਤੇ ਕੁਝ ਲੋਕਾਂ ਨੂੰ ਕਾਬੂ ਵੀ ਕੀਤਾ ਗਿਆ, ਪਰ ਇਸ ਦੇ ਬਾਵਜੂਦ ਉਸ ਵਿਅਕਤੀ ਨੂੰ ਮਾਮਲੇ ’ਚ ਸ਼ਾਮਲ ਕੀਤਾ ਗਿਆ ਅਤੇ ਉਸ ਨਾਲ ਮਾਰਕੁੱਟ ਕੀਤੀ ਗਈ। ਜਦਕਿ ਸਾਰੀ ਪੰਚਾਇਤ ਖੇਤ ਮਜ਼ਦੂਰ ਰਮਨ ਸਿੰਘ ਦੀ ਗਾਰੰਟੀ ਲੈਂਦੀ ਹੈ, ਪਰ ਪੁਲੀਸ ਵੱਲੋਂ ਉਕਤ ਵਿਅਕਤੀ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਧਰਨਾਕਾਰੀਆਂ ਨੇ ਕਿਹਾ ਨੌਜਵਾਨ ਨੂੰ ਨਾਜਾਇਜ਼ ਤੌਰ ’ਤੇ ਹਵਾਲਾਤ ’ਚ ਰਖਿਆ ਜਾ ਰਿਹਾ ਹੈ। ਉਧਰ ਮੌਕੇ ’ਤੇ ਪਹੁੰਚੇ ਡੀਐਸਪੀ ਐਚ. ਜਸਵੀਰ ਸਿੰਘ ਪੰਨੂ ਦਾ ਕਹਿਣਾ ਸੀ ਕਿ ਜੋ ਵੀ ਦੋਸ਼ੀ ਹੋਵੇਗਾ ਉਸ ’ਤੇ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਬੇਗੁਨਾਹ ਨੂੰ ਛੱਡ ਦਿੱਤਾ ਜਾਵੇਗਾ। ਡੀਐਸਪੀ ਦੇ ਭਰੋਸੇ ਮਗਰੋਂ ਲੋਕਾਂ ਨੇ ਧਰਨਾ ਚੁੱਕ ਲਿਆ।