ਬਿਰਧ ਔਰਤ ਦੀ ਮੌਤ ਦਾ ਮਾਮਲਾ

ਕਿਸਾਨਾਂ ਨੇ ਡੀਸੀ ਦੀ ਕੋਠੀ ਵੀ ਘੇਰੀ

ਕਿਸਾਨਾਂ ਨੇ ਡੀਸੀ ਦੀ ਕੋਠੀ ਵੀ ਘੇਰੀ

ਮਾਨਸਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਘਿਰਾਓ ਦੌਰਾਨ ਧਰਨੇ ਵਿਚ ਲੰਗਰ ਛਕਦੇ ਹੋਏ ਬੱਚੇ। -ਫੋਟੋ: ਮਾਨ

ਪੱਤਰ ਪ੍ਰੇਰਕ
ਮਾਨਸਾ, 17 ਅਕਤੂਬਰ

ਕਿਸਾਨ ਜਥੇਬੰਦੀ ਵੱਲੋਂ ਰੇਲ ਪਟੜੀਆਂ ’ਤੇ ਲਾਏ ਧਰਨੇ ਦੌਰਾਨ ਬਿਰਧ ਮਾਤਾ ਤੇਜ ਕੌਰ (84) ਦੀ ਮੌਤ ਹੋ ਗਈ ਸੀ। ਤੇਜ ਕੌਰ ਦੇ ਸਸਕਾਰ ਲਈ ਮੁਆਵਜ਼ੇ ਦੀ ਜੰਗ ਲੜ ਰਹੇ ਧਰਨਾਕਾਰੀਆਂ ਨੇ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਦੇ ਨਾਲ-ਨਾਲ ਡੀਸੀ ਦੀ ਰਿਹਾਇਸ਼ ਵੀ ਅਣਮਿੱਥੇ ਸਮੇਂ ਲਈ ਘੇਰ ਲਈ ਹੈ। ਦਫ਼ਤਰ ਅਤੇ ਕੋਠੀ ਦਾ ਆਪਸ ਵਿਚ ਦੋ-ਢਾਈ ਕਿਲੋਮੀਟਰ ਦਾ ਅੰਤਰ ਹੈ, ਪਰ ਸੰਘਰਸ਼ ਲੜ ਰਹੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂਆਂ ਨੇ ਦੋਵੇਂ ਧਰਨੇ ਬਰਾਬਰ ਚਲਾਉਣ ਦਾ ਐਲਾਨ ਕਰ ਦਿੱਤਾ ਹੈ, ਜਿਸ ਤੋਂ ਪੁਲੀਸ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪਈ ਹੋਈ ਹੈ। ਡਿਪਟੀ ਕਮਿਸ਼ਨਰ ਕੋਠੀ ਦੇ ਅੰਦਰ ਦੱਸੇ ਜਾਂਦੇ ਹਨ।

ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਝੱਬਰ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਕਿਸਾਨ ਹਿੱਤਾਂ ਦੇ ਹੱਕ ਵਿੱਚ ਹੁੰਦੀ ਤਾਂ ਧਰਨੇ ਦੌਰਾਨ ਮਰੀ ਮਾਤਾ ਤੇਜ ਕੌਰ ਦਾ ਹੁਣ ਤਕ ਸਸਕਾਰ ਹੋ ਜਾਣਾ ਸੀ ਪਰ ਮੁਆਵਜ਼ੇ ਸਮੇਤ ਹੋਰ ਮੰਗਾਂ ਸਬੰਧੀ ਸਰਕਾਰ ਅੱਖਾਂ ਮੀਚੀ ਬੈਠੀ ਹੈ। ਜਦੋਂ ਡੀ.ਸੀ ਦਫ਼ਤਰ ਦੇ ਘਿਰਾਓ ਨਾਲ ਵੀ ਕੋਈ ਫ਼ਰਕ ਨਾ ਪਿਆ ਤਾਂ ਹੁਣ ਅੱਕੇ ਹੋਏ ਕਿਸਾਨਾਂ ਨੂੰ ਉੱਚ ਅਧਿਕਾਰੀ ਦੀ ਕੋਠੀ ਅੱਗੇ ਵੀ ਦਰੀ ਵਿਛਾਉਣੀ ਪਈ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਜਥੇਬੰਦੀ ਸਰਕਾਰ ਸਾਹਮਣੇ ਰੱਖੀਆਂ ਮੰਗਾਂ ਮਨਵਾਉਣ ਮਗਰੋਂ ਹੀ ਮਾਤਾ ਤੇਜ ਕੌਰ ਦਾ ਅੰਤਿਮ ਸੰਸਕਾਰ ਕਰੇਗੀ। ਉਨ੍ਹਾਂ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਲੜੀ ਜਾ ਰਹੀ ਜੰਗ ਦੇ ਸ਼ਹੀਦਾਂ ਨਾਲ ਜਥੇਬੰਦੀ ਕੋਈ ਸਮਝੌਤਾ ਨਹੀਂ ਕਰੇਗੀ, ਸਗੋਂ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਪਰਿਵਾਰ ਨੂੰ 10 ਲੱਖ ਰੁਪਏ, ਸਾਰੇ ਸਰਕਾਰੀ/ਪ੍ਰਾਈਵੇਟ ਕਰਜ਼ੇ ਦੀ ਮੁਆਫ਼ੀ ਅਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।

ਇਸ ਮੌਕੇ ਉੱਤਮ ਸਿੰਘ ਰਾਮਾਂਨੰਦੀ, ਜੱਗਾ ਸਿੰਘ ਜਟਾਣਾ, ਜਗਦੇਵ ਸਿੰਘ ਭੈਣੀਬਾਘਾ, ਮਲਕੀਤ ਸਿੰਘ, ਸਾਧੂ ਸਿੰਘ ਅਲੀਸ਼ੇਰ, ਹਰਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।

ਮ੍ਰਿਤਕ ਦੇਹ ਖਰਾਬ ਹੋਣ ਲੱਗੀ: ਪੁਲੀਸ ਅਧਿਕਾਰੀ

ਇੱਕ ਉੱਚ ਪੁਲੀਸ ਅਧਿਕਾਰੀ ਨੇ ਜਥੇਬੰਦੀ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਸਿਵਲ ਹਸਪਤਾਲ ਬੁਢਲਾਡਾ ਵਿਚ ਰੱਖੀ ਮ੍ਰਿਤਕ ਤੇਜ ਕੌਰ ਦੀ ਦੇਹ ਖ਼ਰਾਬ ਹੋਣ ਲੱਗੀ ਹੈ, ਜਿਸ ਨੂੰ ਹੋਰ ਲੰਮਾ ਸਮਾਂ ਫਰਿੱਜ ਵਿਚ ਨਹੀਂ ਰੱਖਿਆ ਜਾ ਸਕਦਾ। ਇਸ ਲਈ ਸਸਕਾਰ ਕਰ ਕੇ ਅੰਦੋਲਨ ਲੜਿਆ ਜਾ ਸਕਦਾ ਹੈ, ਪਰ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਦੀ ਇਸ ਮੰਗ ਨੂੰ ਜਥੇਬੰਦਕ ਮੀਟਿੰਗ ਤੋਂ ਬਾਅਦ ਠੁਕਰਾ ਦਿੱਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All