ਜਸਵੰਤ ਜੱਸ
ਫ਼ਰੀਦਕੋਟ, 23 ਜਨਵਰੀ
ਇਥੇ ਸਾਦਿਕ ਰੋਡ ’ਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਬਾਹਰ ਲੱਕੜ ਦੇ ਖੋਖਿਆਂ ਨੂੰ ਰਾਤ ਕਰੀਬ 11:30 ਵਜੇ ਅੱਗ ਲੱਗ ਗਈ। ਅੱਗ ਲੱਗਣ ਨਾਲ ਛੇ ਖੋਖੇ ਅਤੇ ਸਾਮਾਨ ਸੁਆਹ ਹੋ ਗਿਆ। ਅੱਗ ਬੁਝਾਊ ਦਸਤੇ ਨੇ ਢਾਈ ਘੰਟਿਆਂ ਬਾਅਦ ਇਸ ’ਤੇ ਕਾਬੂ ਪਾਇਆ। ਇਸ ਅਗਨਜ਼ਨੀ ਵਿੱਚ ਕਰੀਬ 12 ਲੱਖ ਰੁਪਏ ਦੇ ਨੁਕਸਾਨ ਦਾ ਅਨੁਮਾਨ ਹੈ। ਅੱਗ ਦੀ ਲਪੇਟ ਵਿੱਚ ਆਏ ਇਹ ਖੋਖੇ ਹਸਪਤਾਲ ਦੇ ਗੇਟ ਤੋਂ ਮਹਿਜ਼ ਦਸ ਗਜ਼ ਦੀ ਦੂਰ ਹਨ, ਜਦੋਂਕਿ ਹਸਪਤਾਲ ਦਾ ਐਮਰਜੈਂਸੀ ਵਿਭਾਗ ਇਨ੍ਹਾਂ ਖੋਖਿਆਂ ਤੋਂ 200 ਮੀਟਰ ਦੀ ਦੂਰੀ ’ਤੇ ਹੈ। ਨਗਰ ਕੌਂਸਲ ਦੇ ਅਧਿਕਾਰੀਆਂ ਨੇ ਖੋਖਿਆਂ ਨੂੰ ਅਣ-ਅਧਿਕਾਰਤ ਤਰੀਕੇ ਨਾਲ ਪ੍ਰਵਾਨਗੀ ਦਿੱਤੀ ਹੋਈ ਸੀ। ਖੋਖਿਆਂ ਵਿੱਚ ਫ਼ਲ, ਜੂਸ, ਚਾਹ-ਪਾਣੀ ਅਤੇ ਫਾਸਟ ਫੂਡ ਸਾਮਾਨ ਵੇਚਿਆ ਜਾਂਦਾ ਸੀ। ਖੋਖੇ ਦੇ ਮਾਲਕ ਰਾਕੇਸ਼ ਕੁਮਾਰ ਨੇ ਕਿਹਾ ਕਿ ਅੱਗ ਲੱਗਣ ਨਾਲ ਖੋਖਿਆਂ ਵਿੱਚ ਪਏ ਜੈਨੇਰੇਟਰ, ਇਨਵਰਟਰ, ਗੈਸ ਚੁੱਲ੍ਹੇ ਅਤੇ ਹੋਰ ਸਾਮਾਨ ਬੁਰ ਤਰ੍ਹਾਂ ਸੜ ਗਿਆ। ਥਾਣਾ ਸਿਟੀ ਫ਼ਰੀਦਕੋਟ ਦੇ ਐੱਸਐੱਚਓ ਗੁਰਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਇਸ ਅਗਨਜ਼ਨੀ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਪੁਲੀਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ।