ਐਨ.ਪੀ ਸਿੰਘ
ਬੁਢਲਾਡਾ, 7 ਅਗਸਤ
ਸੀ.ਪੀ.ਆਈ ਦਫ਼ਤਰ ਵਿਖੇ ਸਬ ਡਵੀਜ਼ਨ ਬੁਢਲਾਡਾ ਪਾਰਟੀ ਦਾ 24ਵਾਂ ਡੇਲੀਗੇਟ ਇਜਲਾਸ ਗੋਰਾ ਸਿੰਘ ਟਾਹਲੀਆਂ, ਮਨਜੀਤ ਕੌਰ ਗਾਮੀਵਾਲਾ ਤੇ ਜੱਗਾ ਸਿੰਘ ਸ਼ੇਰਖਾਂ ਦੀ ਪ੍ਰਧਾਨਗੀ ਹੇਠ ਸੰਪੰਨ ਹੋਇਆ। ਜ਼ਿਲ੍ਹਾ ਅਜ਼ਰਵਰ ਦਲਜੀਤ ਸਿੰਘ ਮਾਨਸ਼ਾਹੀਆ ਤੇ ਕ੍ਰਿਸ਼ਨ ਚੌਹਾਨ ਨਿਗਰਾਨ ਵਜੋਂ ਸ਼ਾਮਲ ਹੋਏ। ਸੀ.ਪੀ.ਆਈ ਦੇ ਕੌਮੀ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਅਮਰਵੇਲ ਤਰ੍ਹਾਂ ਵੱਧ ਰਹੀ ਮਹਿੰਗਾਈ ’ਤੇ ਪਾਰਲੀਮੈਂਟ ਅੰਦਰ ਚਰਚਾ ਨਾ ਕਰਵਾਉਣਾ, ਕੇਵਲ ਉਦਯੋਗਪਤੀਆਂ ਤੇ ਕਾਰਪੋਰੇਟ ਘਰਾਣਿਆਂ ਦੇ ਰੁਜ਼ਗਾਰ ਦੇ ਸਾਧਨ ਪੈਦਾ ਕਰਨ ਤੇ ਦੇਸ਼ ਵਿੱਚ ਫ਼ਿਰਕਾਪ੍ਰਸਤੀ ਨੂੰ ਤਰਜੀਹ ਦੇਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ, ਮਜ਼ਦੂਰਾਂ ਦੇ ਮਸਲਿਆਂ ਦੇ ਪੱਖ ਨੂੰ ਰੱਖਣ ਤੋਂ ਗੁਰੇਜ਼ ਕਰਨ ਵਾਲੀ ਮੋਦੀ ਸਰਕਾਰ ਭਰਾ ਮਾਰੂ ਜੰਗ ਕਰਾਉਣ ਲਈ ਦੇਸ਼ ਨੂੰ ਉਤਸ਼ਾਹਿਤ ਕਰ ਰਹੀ ਹੈ, ਜਿਸ ਕਾਰਨ ਫਿਰਕਾਪ੍ਰਸਤ ਅਤੇ ਫਾਸ਼ੀਵਾਦੀ ਤਾਕਤਾਂ ਨੂੰ ਲਾਂਭੇ ਕਰਨ ਲਈ ਧਰਮ ਨਿਰਪੱਖ, ਇਨਸਾਫ ਪਸੰਦ ਤੇ ਸੰਘਰਸ਼ਸ਼ੀਲ ਲੋਕਾਂ ਦੀ ਲਾਮਬੰਦੀ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ 21 ਮੈਂਬਰੀ ਤਹਿਸੀਲ ਦਾ ਪੈਨਲ ਪਾਸ ਕੀਤਾ, ਜਿਸ ਵਿੱਚ ਸਕੱਤਰ ਵੇਦ ਪ੍ਰਕਾਸ਼ ਮੀਤ ਸਕੱਤਰ, ਮਲਕੀਤ ਮੰਦਰਾਂ, ਮਨਜੀਤ ਕੌਰ ਗਾਮੀਵਾਲਾ ਸਰਬ ਸੰਮਤੀ ਨਾਲ ਚੁਣੇ ਗਏ ਅਤੇ ਜ਼ਿਲਾ ਡੇਲੀਗੇਟ ਸਾਥੀਆਂ ਦੀ ਚੋਣ ਕੀਤੀ ਗਈ।