ਰਵਿੰਦਰ ਰਵੀ
ਬਰਨਾਲਾ, 16 ਜਨਵਰੀ
ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਮਦਦ ਦੇ ਨਾਂ ’ਤੇ ਘਰ ਸੱਦ ਕੇ ਬਲੈਕਮੇਲ ਕਰਨ ਵਾਲੀਆਂ ਤਿੰਨ ਔਰਤਾਂ ਸਣੇ ਛੇ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗਰੋਹ ਮਦਦ ਕਰਨ ਵਾਲੇ ਵਿਅਕਤੀ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਦਾ ਸੀ।
ਡੀਐੱਸਪੀ ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ 13 ਜਨਵਰੀ ਨੂੰ ਸਰਬਜੀਤ ਸਿੰਘ ਵਾਸੀ ਭੱਠਲਾਂ ਵੱਲੋਂ ਕੀਤੀ ਗਈ ਸ਼ਿਕਾਇਤ ਅਨੁਸਾਰ ਉਸ ਨੂੰ ਫੋਨ ’ਤੇ ਕਰਮਜੀਤ ਕੌਰ, ਅਮਨਦੀਪ ਕੌਰ, ਸ਼ਮਸ਼ੇਰ ਸਿੰਘ ਉਰਫ਼ ਸ਼ੇਰੂ ਵਾਸੀ ਭੱਠਲਾਂ, ਜਗਜੀਤ ਸਿੰਘ ੳਰਫ਼ ਜੱਗੀ ਵਾਸੀ ਸਹਿਜੜਾ ਹਾਲ ਆਬਾਦ ਨੂਰ ਹਸਪਤਾਲ ਚੌਕ ਅਤੇ ਦੋ ਅਣਪਛਾਤੇ ਵਿਅਕਤੀਆਂ ਨੇ ਕਿਹਾ ਕਿ ਉਹ ਗਰੀਬ ਹਨ ਤੇ ਉਨ੍ਹਾਂ ਦੀ ਮਦਦ ਕੀਤੀ ਜਾਵੇ। ਸ਼ਿਕਾਇਤਕਰਤਾ ਜਦੋਂ ਮਦਦ ਲਈ ਨੂਰ ਹਸਪਤਾਲ ਚੌਕ ਲਾਗੇ ਬਣੀ ਕੋਠੀ ’ਚ ਗਿਆ ਤਾਂ ਬਾਹਰੋਂ ਕਿਸੇ ਨੇ ਕੁੰਡੀ ਲਾ ਦਿੱਤੀ। ਕੋਠੀ ਅੰਦਰ ਸ਼ਮਸ਼ੇਰ ਸਿੰਘ ਵਾਸੀ ਧਨੌਲਾ ਤੇ ਦੂਜੇ ਵਿਅਕਤੀਆਂ ਨੇ ਹਥਿਆਰਾਂ ਦੀ ਨੋਕ ’ਤੇ ਉਸ ਦੇ ਕੱਪੜੇ ਲੁਹਾ ਕੇ ਉਸ ਦੀ ਅਸ਼ਲੀਲ ਵੀਡੀਓ ਬਣਾਈ ਤੇ ਉਸ ਦੇ ਪਰਸ ’ਚੋਂ 6350 ਰੁਪਏ, ਚਾਂਦੀ ਦਾ ਨੌਂ ਤੋਲੇ ਦਾ ਕੜਾ ਖੋਹ ਲਿਆ ਅਤੇ ਦੋ ਲੱਖ ਰੁਪਏ ਦੀ ਮੰਗ ਕੀਤੀ। ਪੈਸੇ ਨਾ ਦੇਣ ਦੀ ਸੂਰਤ ’ਚ ਅਮਨਦੀਪ ਕੌਰ ਨੂੰ ਦੋ ਬੱਚਿਆਂ ਸਮੇਤ ਘਰ ਛੱਡ ਕੇ ਆਉਣ ਅਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ।
ਥਾਣਾ ਸਿਟੀ ਇੰਚਾਰਜ ਲਖਵਿੰਦਰ ਸਿੰਘ ਦੀ ਟੀਮ ਵੱਲੋਂ ਕੀਤੀ ਗਈ ਪੜਤਾਲ ਉਪਰੰਤ ਸ਼ਮਸ਼ੇਰ ਸਿੰਘ ੳਰਫ਼ ਸ਼ੇਰੀ ਵਾਸੀ ਭੱਠਲਾਂ ਅਤੇ ਜਗਜੀਤ ਸਿੰਘ ਉਰਫ਼ ਜੱਗੀ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵੱਲੋਂ ਮਿਲੇ ਪੁਲੀਸ ਰਿਮਾਂਡ ਦੌਰਾਨ ਪੁੱਛਗਿਛ ਕੀਤੀ ਗਈ।
ਉਨ੍ਹਾਂ ਦੇ ਦੱਸਣ ਅਨੁਸਾਰ ਅੱਜ ਸਰਬਜੀਤ ਕੌਰ, ਰਾਜ ਕੌਰ ਉਰਫ਼ ਰਾਣੀ, ਮਨਪ੍ਰੀਤ ਕੌਰ ਉਰਫ਼ ਅਮਨਦੀਪ ਕੌਰ ਅਤੇ ਹਰਜੀਤ ਸਿੰਘ ਉਰਫ਼ ਪ੍ਰਿੰਸ ਵਾਸੀ ਬਰਨਾਲਾ ਨੂੰ ਬਾਜਾਖ਼ਾਨਾ ਰੋਡ ਤੋਂ ਗ੍ਰਿਫ਼ਤਾਰ ਕਰ ਕੇ ਥਾਣਾ ਸਿਟੀ-1 ਵਿੱਚ ਕੇਸ ਦਰਜ ਕੀਤਾ ਗਿਆ ਹੈ। ਡੀਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿਛ ਦੌਰਾਨ ਹੋਰ ਖੁਲਾਸੇ ਹੋਣ ਅਤੇ ਗਰੋਹ ’ਚ ਸ਼ਾਮਲ ਕਈ ਹੋਰ ਮੁਲਜ਼ਮਾਂ ਦਾ ਪਤਾ ਲੱਗਣ ਦੀ ਸੰਭਾਵਨਾ ਹੈ। ਪੁਲੀਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਡੀਐੱਸਪੀ ਨੇ ਦਾਅਵਾ ਕੀਤਾ ਕਿ ਮੁਲਜ਼ਮਾਂ ਦੇ ਹੋਰ ਸਾਥੀਆਂ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।