ਪਵਨ ਗੋਇਲ
ਭੁੱਚੋ ਮੰਡੀ, 18 ਜਨਵਰੀ
ਲਹਿਰਾ ਬੇਗਾ ਟੌਲ ਪਲਾਜ਼ਾ ਦੇ ਕਰਮਚਾਰੀਆਂ ਨੇ ਅੱਜ ਪਲਾਜ਼ਾ ਦਫ਼ਤਰ ਅੱਗੇ ਉਨ੍ਹਾਂ ਦੀਆਂ ਸੇਵਾਵਾਂ ਜਾਰੀ ਰੱਖਣ ਤੋਂ ਟਾਲ-ਮਟੋਲ ਕਰਨ ਅਤੇ ਮੈਨੇਜਰ ਵੱਲੋਂ ਕਥਿਤ ਤੌਰ ’ਤੇ ਕਰਮਚਾਰੀਆਂ ਨਾਲ ਬਦਸਲੂਕੀ ਕੀਤੇ ਜਾਣ ਦੇ ਵਿਰੋਧ ਵਿੱਚ ਬੀਕੇ ਮਲਕ ਕੰਪਨੀ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਤੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਟੌਲ ਮੁਲਾਜ਼ਮ ਸੰਘਰਸ਼ ਕਮੇਟੀ ਦੇ ਆਗੂ ਸਰਬਜੀਤ ਸਿੰਘ, ਰਾਜਦੀਪ ਸਿੰਘ, ਸੁਖਜੀਤ ਸਿੰਘ, ਜਗਸੀਰ ਸਿੰਘ, ਚਰਨਜੀਤ ਸਿੰਘ, ਦਵਿੰਦਰ ਚਾਂਦੀ, ਹਰਦੀਪ ਕੌਰ ਤੇ ਮਨਜੀਤ ਕੌਰ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ 65 ਲੜਕੇ ਅਤੇ 10 ਲੜਕੀਆਂ ਇਸ ਟੌਲ ਪਲਾਜ਼ਾ ’ਤੇ ਕੰਮ ਕਰ ਰਹੇ ਹਨ। ਡੇਢ ਮਹੀਨਾਂ ਪਹਿਲਾਂ ਬਦਲ ਕੇ ਆਏ ਕੰਪਨੀ ਦੇ ਅਧਿਕਾਰੀਆਂ ਨੇ ਜੋ ਵੀ ਦਸਤਾਵੇਜ਼ ਮੰਗੇ, ਕਰਮਚਾਰੀਆਂ ਨੇ ਉਹ ਸਾਰੇ ਪੂਰੇ ਕਰ ਦਿੱਤੇ। ਉਨ੍ਹਾਂ ਕਿਹਾ ਕਿ ਅੱਜ ਜਦੋਂ ਮੈਨੇਜਰ ਨੂੰ ਸੇਵਾਵਾਂ ਸ਼ੁਰੂ ਕਰਨ ਦੀ ਗੱਲ ਕੀਤੀ ਤਾਂ ਉਹ ਭੜਕ ਗਏ ਅਤੇ ਕਰਮਚਾਰੀਆਂ ਨਾਲ ਧੱਕਾਮੁੱਕੀ ਕੀਤੀ।
ਮੁਲਾਜ਼ਮਾਂ ਨੇ ਦੱਸਿਆ ਕਿ ਮੈਨੇਜਰ ਦੇ ਇਸ ਰਵੱਈਏ ਖ਼ਿਲਾਫ਼ ਉਨ੍ਹਾਂ ਭੁੱਚੋ ਪੁਲੀਸ ਨੂੰ ਸ਼ਿਕਾਇਤ ਕਰਕੇ ਮੈਨੇਜਰ ਅਤੇ ਕੰਪਨੀ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਮੈਨੇਜਰ ਮੁਕੇਸ਼ ਚੌਹਾਨ ਨੇ ਕਿਹਾ ਕਿ ਉਸ ਨੇ ਬਦਸਲੂੁਕੀ ਨਹੀਂ ਕੀਤੀ, ਸਗੋਂ ਕੁਝ ਲੜਕਿਆਂ ਨੇ ਉਸ ਦੀ ਹੀ ਕੁੱਟਮਾਰ ਕੀਤੀ ਹੈ। ਮੈਨੇਜਰ ਨੇ ਦੱਸਿਆ ਕਿ ਉਸ ਨੇ ਗੁੰਡਾਗਰਦੀ ਖ਼ਿਲਾਫ਼ ਡੀਜੀਪੀ ਪੰਜਾਬ ਨੂੰ ਸ਼ਿਕਾਇਤ ਭੇਜ ਦਿੱਤੀ ਹੈ ਅਤੇ ਮਾਮਲਾ ਅਦਾਲਤ ਵਿੱਚ ਜਾਵੇਗਾ।