ਪੱਤਰ ਪ੍ਰੇਰਕ
ਮਾਨਸਾ, 3 ਫਰਵਰੀ
ਫਾਇਰ ਬਿਗ੍ਰੇਡ ਵਿਭਾਗ ਵਿੱਚੋਂ ਕੱਢੇ ਮੁਲਾਜ਼ਮਾਂ ਵੱਲੋਂ ਮੁੜ ਡਿਊਟੀ ’ਤੇ ਹਾਜ਼ਰ ਕਰਵਾਉਣ ਅਤੇ ਬਕਾਇਆ ਰਹਿੰਦੀਆਂ ਤਨਖਾਹਾਂ ਦੇਣ ਦੀ ਮੰਗ ਨੂੰ ਲੈ ਕੇ ਅੱਜ 11ਵੇਂ ਦਿਨ ਵੀ ਨਗਰ ਕੌਂਸਲ ਮਾਨਸਾ ਦੇ ਗੇਟ ਅੱਗੇ ਧਰਨਾ ਜਾਰੀ ਰਿਹਾ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਆਗੂ ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਫਾਇਰ ਬਿਗ੍ਰੇਡ ਵਿੱਚੋਂ ਜ਼ੁਬਾਨੀ ਹੁਕਮਾਂ ਨਾਲ ਜਬਰੀ ਕੱਢਿਆ ਗਿਆ ਅਤੇ 5 ਮਹੀਨਿਆਂ ਦੀ ਤਨਖਾਹ ਹੁਣ ਤੱਕ ਜਾਰੀ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਰੋਸ ਵਜੋਂ ਫਾਇਰ ਬਿਗ੍ਰੇਡ ਦੇ ਕਰਮਚਾਰੀਆਂ ਨੇ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਰੋਸ ਮੁਜ਼ਾਹਰਾ ਵੀ ਕੀਤਾ ਸੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਨਗਰ ਕੌਂਸਲ ਮਾਨਸਾ ਦੇ ਕਿਸੇ ਵੀ ਅਧਿਕਾਰੀ ਨੇ ਕੋਈ ਵੀ ਗੱਲਬਾਤ ਨਹੀਂ ਸੁਣੀ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂ ਜੱਗਾ ਸਿੰਘ ਜਟਾਣਾ ਨੇ ਦੱਸਿਆ ਕਿ ਜੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਤੇਜ਼ ਕਰਾਂਗੇ ਅਤੇ ਮੁਲਾਜ਼ਮਾਂ ਦੀ ਡੱਟਕੇ ਹਮਾਇਤ ਕਰਾਂਗੇ। ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਅਤੇ ਪੰਜਾਬ ਮਿਊਂਸਪਲ ਵਰਕਰਜ਼ ਯੂਨੀਅਨ ਨੇ ਵੀ ਡੱਟਵੀਂ ਹਮਾਇਤ ਦਾ ਐਲਾਨ ਕੀਤਾ ਹੈ। ਇਸ ਮੌਕੇ ਬਲਰਾਜ ਸਿੰਘ,ਗੁਰਪ੍ਰੀਤ ਸਿੰਘ, ਜਸਕਰਨ ਸਿੰਘ ਨੇ ਵੀ ਸੰਬੋਧਨ ਕੀਤਾ।