ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 6 ਮਾਰਚ
ਜ਼ਿਲ੍ਹਾ ਪ੍ਰਸ਼ਾਸਨ ਨੇ 10 ਮਾਰਚ ਨੂੰ ਵੋਟਾਂ ਦੀ ਹੋਣ ਵਾਲੀ ਗਿਣਤੀ ਸਬੰਧੀ ਅੱਜ ਮੁਲਾਜ਼ਮਾਂ ਨੂੰ ਪਹਿਲੀ ਸਿਖਲਾਈ ਇੱਥੇ ਬਾਵਾ ਨਿਹਾਲ ਸਿੰਘ ਬੀ.ਐਡ. ਕਾਲਜ ਵਿੱਚ ਦਿੱਤੀ| ਸਿਖਲਾਈ ਵਿੱਚ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿਦੜਬਾਹਾ ਤੇ ਲੰਬੀ ਹਲਕਿਆਂ ਦੇ 328 ਮੁਲਾਜ਼ਮਾਂ ਨੇ ਹਿੱਸਾ ਲਿਆ| ਇਕ ਹਲਕੇ ਵਾਸਤੇ 72 ਮੁਲਜ਼ਮਾਂ ਦੀ ਡਿਊਟੀ ਲਾਈ ਗਈ ਹੈ| ਅੱਜ ਪਹਿਲੀ ਰਿਹਰਸਲ ਹੋਈ ਹੈ, ਜਿਸ ਵਿੱਚ ਲੋੜੀਂਦੇ ਫਾਰਮਾਂ ਨੂੰ ਭਰਨ, ਵੋਟਿੰਗ ਮਸ਼ੀਨਾਂ ਨੂੰ ਖੋਲ੍ਹਣ ਅਤੇ ਵੋਟਾਂ ਦੀ ਗਿਣਤੀ ਸਬੰਧੀ ਸਿਖਲਾਈ ਦਿੱਤੀ| ਚੋਣ ਤਹਿਸੀਲਦਾਰ ਹਰਬੰਸ ਸਿੰਘ ਨੇ ਦੱਸਿਆ ਕਿ ਸਿਖਲਾਈ ਦੇਣ ਦਾ ਕੰਮ ਜ਼ਿਲ੍ਹਾ ਮਾਸਟਰ ਟਰੇਨਰ ਸੰਜੀਵ ਕੁਮਾਰ ਬਾਵਾ ਨੇ ਕੀਤਾ| ਉਨ੍ਹਾਂ ਦੱਸਿਆ ਕਿ ਹਰ ਗਿਣਤੀ ਕੇਂਦਰ ਵਿੱਚ ਵੋਟਾਂ ਦੀ ਗਿਣਤੀ ਲਈ 14 ਮੇਜ਼ ਲਾਏ ਜਾਣਗੇ| ਹਰ ਮੇਜ਼ ‘ਤੇ ਇੱਕ ਸੁਪਰ ਗਿਣਤੀ ਅਧਿਕਾਰੀ, ਸਹਾਇਕ ਗਿਣਤੀ ਅਧਿਕਾਰੀ, ਇੱਕ ਮਾਈਕ੍ਰੋ ਆਬਜ਼ਰਵਰ ਤੇ ਇੱਕ ਸੇਵਾਦਾਰ ਦੀ ਡਿਊਟੀ ਲਾਈ ਗਈ ਹੈ| ਇਸ ਤੋਂ ਇਲਾਵਾ ਮਸ਼ੀਨਾਂ ਲਿਆਉਣ ਤੇ ਲਿਜਾਣ ਵਾਲੇ ਕਰਮਚਾਰੀ ਵੱਖਰੇ ਹੋਣਗੇ| ਉਨ੍ਹਾਂ ਦੱਸਿਆ ਕਿ ਮੁਲਾਜ਼ਮਾਂ ਦੀ ਹਾਜ਼ਰੀ ਨੂੰ ਯਕੀਨੀ ਬਣਾਇਆ ਗਿਆ ਹੈ|