ਖੇਤਰੀ ਪ੍ਰਤੀਨਿਧ
ਬਰਨਾਲਾ, 5 ਨਵੰਬਰ
ਬਿਜਲੀ ਕਾਮਿਆਂ ਦੀ ਸੰਘਰਸ਼ਸ਼ੀਲ ਜਥੇਬੰਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਸਰਕਲ ਬਰਨਾਲਾ ਦੀ ਜਥੇਬੰਦਕ ਚੋਣ ਸੂਬਾ ਨਿਗਰਾਨਾਂ ਇਕਬਾਲ ਸਿੰਘ ਅਤੇ ਬਨਾਰਸੀ ਦਾਸ ਦੀ ਦੇਖ-ਰੇਖ ਹੇਠ ਸਮਾਪਤ ਹੋਈ। ਇਸ ਚੋਣ ’ਚ ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ ਮੁੜ ਸਰਕਲ ਪ੍ਰਧਾਨ ਅਤੇ ਬਲਵੰਤ ਸਿੰਘ ਬਰਨਾਲਾ ਸਰਕਲ ਸਕੱਤਰ ਚੁਣੇ ਗਏ। ਹਾਜ਼ਰ ਡੈਲੀਗੇਟਾਂ ਸਾਹਮਣੇ ਪਿਛਲੀਆਂ ਜਥੇਬੰਦਕ ਸਰਗਰਮੀਆਂ ਅਤੇ ਪਾਵਰਕੌਮ ਦੀ ਮੈਨੇਜਮੈਂਟ, ਪੰਜਾਬ ਸਰਕਾਰ ਅਤੇ ਕੇਂਦਰੀ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਮੁਲਾਜ਼ਮ/ਲੋਕ ਮਾਰੂ ਨੀਤੀਆਂ ਸਮੇਤ ਸਮਾਜਿਕ ਜਬਰ ਵਿਰੋਧੀ ਮਹਿਲ ਕਲਾਂ ਦਾ ਲੋਕ ਸੰਘਰਸ਼ ਵਿੱਚ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਨਿਭਾਏ ਰੋਲ ਸਬੰਧੀ ਸੰਖੇਪ ਰਿਪੋਰਟ ਬਲਵੰਤ ਸਿੰਘ ਅਤੇ ਫੰਡ ਸਰਗਰਮੀਆਂ ਸਬੰਧੀ ਰਿਪੋਰਟ ਵਿੱਤ ਸਕੱਤਰ ਹਰਬੰਸ ਸਿੰਘ ਨੇ ਪੇਸ਼ ਕੀਤੀ। ਇਨਾਂ ਦੋਵੇਂ ਰਿਪੋਰਟਾਂ ਉੱਪਰ ਹਾਜ਼ਰ ਡੈਲੀਗੇਟਾਂ ਨੇ ਉਸਾਰੂ ਆਲੋਚਨਾਤਾਮਕ ਨਜ਼ਰੀਏ ਤੋਂ ਭਰਵੀਂ ਬਹਿਸ ਕਰਦਿਆਂ ਸਰਬਸੰਮਤੀ ਨਾਲ ਪਾਸ ਕੀਤਾ।