ਜੋਗਿੰਦਰ ਸਿੰਘ ਮਾਨ
ਮਾਨਸਾ, 4 ਫਰਵਰੀ
ਮਾਲਵਾ ਖੇਤਰ ਵਿੱਚ ਧੁੰਦ ਅਤੇ ਮੀਂਹ ਨੇ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਸਵੇਰ ਵੇਲੇ ਪਿੰਡਾਂ ਵਿੱਚ ਜਾ ਕੇ ਪ੍ਰਚਾਰ ਕਰਨ ਲਈ ਵੱਡੀ ਦਿੱਕਤ ਖੜ੍ਹੀ ਹੋ ਗਈ ਹੈ।
ਮਾਨਸਾ ਜ਼ਿਲ੍ਹੇ ਵਿੱਚ ਸਰਦੂਲਗੜ੍ਹ ਵਿਧਾਨ ਸਭਾ ਹਲਕੇ ’ਤੇ ਬਲਵਿੰਦਰ ਸਿੰਘ ਭੂੰਦੜ ਦਾ ਪੁੱਤਰ ਅਤੇ ਅਜੀਤ ਇੰਦਰ ਸਿੰਘ ਮੋਫ਼ਰ ਦਾ ਪੁੱਤਰ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਚੋਣ ਮੈਦਾਨ ਵਿੱਚ ਉਤਰੇ ਹੋਏ ਹਨ। ਇਹ ਨੇਤਾ ਸਵੇਰੇ ਪਿੰਡਾਂ ਵਿੱਚ ਲੋਕਾਂ ਨੂੰ ਮਿਲਣ ਅਤੇ ਨੁੱਕੜ ਜਲਸਿਆਂ ਨੂੰ ਸੰਬੋਧਨ ਕਰਨ ਦੀ ਮੁਹਾਰਤ ਰੱਖਦੇ ਹਨ ਪਰ ਇਨ੍ਹਾਂ ਲਈ ਵੀ ਧੁੰਦ ਤਕਲੀਫ਼ ਬਣ ਗਈ ਹੈ। ਇਸ ਹਲਕੇ ਤੋਂ ਸੰਯੁਕਤ ਸਮਾਜ ਮੋਰਚਾ ਦੇ ਛੋਟਾ ਸਿੰਘ ਮੀਆਂ, ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਬਣਾਂਵਾਲੀ ਨੂੰ ਵੀ ਘਰਾਂ ਵਿੱਚੋਂ ਵਰਕਰ ਕੱਢ ਕੇ ਭਾਸ਼ਣ ਸੁਣਾਉਣ ਲਈ ਧੁੰਦ ਵੱਡਾ ਅੜਿੱਕਾ ਬਣੀ ਹੋਈ ਹੈ।
ਇਸੇ ਤਰ੍ਹਾਂ ਮਾਨਸਾ ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਅਰੋੜਾ, ਕਾਂਗਰਸੀ ਉਮੀਦਵਾਰ ਸਿੱਧੂ ਮੂਸੇਵਾਲਾ ਅਤੇ ‘ਆਪ’ ਦੇ ਡਾ. ਵਿਜੇ ਸਿੰਗਲਾ ਦਾ ਕਹਿਣਾ ਹੈ ਕਿ ਧੁੰਦ ਕਾਰਨ ਚੋਣਾਂ ਦੇ ਰੌਣਕ-ਮੇਲੇ ਘੱਟ ਗਏ ਹਨ। ਉਹ ਲੋਕਾਂ ਦੇ ਘਰੋਂ-ਘਰੀਂ ਜਾ ਕੇ ਅਪੀਲਾਂ-ਦਲੀਲਾਂ ਦੇਣ ਲੱਗੇ ਹਨ। ’ਆਪ’ ਦੇ ਉਮੀਦਵਾਰ ਡਾ. ਵਿਜੈ ਸਿੰਗਲਾ ਨੇ ਦੱਸਿਆ ਕਿ ਉਹ ਪਿੰਡਾਂ ਵਿਚਲੇ ਪਾਰਟੀ ਵਰਕਰਾਂ ਨੂੰ ਧੂੰਣੀਆਂ ਬਾਲ ਕੇ ਬੁਲਾਉਣ ਲੱਗੇ ਹਨ।
ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਦਾ ਜ਼ਮਾਨਾ: ਪ੍ਰਿੰਸੀਪਲ ਬੁੱਧਰਾਮ
‘ਆਪ’ ਦੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਦੱਸਿਆ ਕਿ ਹੁਣ ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਦਾ ਜ਼ਮਾਨਾ ਆ ਗਿਆ ਹੈ ਤੇ ਮੋਬਾਈਲ ਫੋਨ ਰਾਹੀਂ ਪ੍ਰਚਾਰ ਕੀਤਾ ਜਾਵੇ। ਇਸੇ ਦੌਰਾਨ ਕਾਂਗਰਸੀ ਉਮੀਦਵਾਰ ਡਾ. ਰਣਬੀਰ ਕੌਰ ਮੀਆਂ ਅਤੇ ਸ਼੍ਰੋੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਨਿਸ਼ਾਨ ਸਿੰਘ ਨੇ ਦੱਸਿਆ ਕਿ ਪਿਛਲੇ ਦਸ ਦਿਨਾਂ ਤੋਂ ਭਾਵੇਂ ਉਹ ਪਿੰਡਾਂ ਵਿੱਚ ਲੋਕਾਂ ਨੂੰ ਮਿਲ ਰਹੇ ਹਨ, ਪਰ ਧੁੰਦ ਅਤੇ ਠੰਡ ਨੇ ਚੋਣ ਮੁਹਿੰਮ ’ਤੇ ਬਰੇਕ ਲਾਈ ਹੋਈ ਹੈ।