ਨਿੱਜੀ ਪੱਤਰ ਪ੍ਰੇਰਕ
ਮਾਨਸਾ, 24 ਜੂਨ
ਇੱਥੋਂ ਦੇ ਡੀਸੀ ਸ੍ਰੀ ਧਰਮਪਾਲ ਨੇ ਵਿਸ਼ੇਸ਼ ਹੁਕਮ ਜਾਰੀ ਕਰਕੇ ਜ਼ਿਲ੍ਹੇ ਦੇ ਢਾਈ ਸੌ ਦੇ ਕਰੀਬ ਪਿੰਡਾਂ ਵਿੱਚੋਂ 62 ਪਿੰਡ ਵੱਖ-ਵੱਖ ਮਹਿਕਮਿਆਂ ਦੇ ਅਫ਼ਸਰਾਂ ਨੂੰ ਗੋਦ ਦਿੱਤੇ ਹਨ ਤਾਂ ਜੋ ਕਰੋਨਾ ਟੀਕਾਰਨ ਦਾ ਸੌ ਫੀਸਦੀ ਟੀਚਾ ਸਰ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ 17 ਜੂਨ ਨੂੰ ਜਾਰੀ ਰਾਜ ਪੱਧਰੀ ਅੰਕੜਿਆਂ ਮੁਤਾਬਿਕ ਮਾਨਸਾ ਜ਼ਿਲ੍ਹਾ ਕਰੋਨਾ ਵੈਕਸੀਨੇਸ਼ਨ ਵਿੱਚ ਪੂਰੇ ਪੰਜਾਬ ਵਿੱਚੋਂ ਸਭ ਤੋਂ ਫਾਡੀ 22ਵੇਂ ਰੈਂਕ ’ਤੇ ਸੀ। ਜ਼ਿਲ੍ਹੇ ਦੀ ਕੁੱਲ 7,69,751 ਜਨਸੰਖਿਆ ਵਿੱਚੋਂ ਹੁਣ ਤੱਕ 78,844 ਲੋਕਾਂ ਨੇ ਸਵੈ ਇੱਛਤ ਤੌਰ ’ਤੇ ਟੀਕੇ ਲਗਾਵਾਏ ਹਨ । ਇਸ ਤਰ੍ਹਾਂ ਹੁਣ ਤੱਕ ਸਿਫਰ 10.243 ਫੀ ਸਦੀ ਟੀਚਾ ਹੀ ਪੂਰਾ ਕੀਤਾ ਜਾ ਸਕਿਆ ਹੈ ਜਦੋਂ ਕਿ ਮੁਹਾਲੀ ਵਰਗੇ ਜ਼ਿਲ੍ਹਿਆਂ ਨੇ 52 ਫੀਸਦੀ ਟੀਕਾਕਰਨ ਦਾ ਟੀਚਾ ਸਰ ਕਰਕੇ ਪਹਿਲਾ ਰੈਂਕ ਪ੍ਰਾਪਤ ਕੀਤਾ ਹੋਇਆ ਹੈ। ਜਾਰੀ ਹਦਾਇਤ ਮੁਤਾਬਕ ਸਰਕਾਰੀ ਅਧਿਕਾਰੀ ਗੋਦ ਲਏ ਪਿੰਡਾਂ ਦੇ ਲੋਕਾਂ ਨੂੰ ਜਗਰੂਕ ਕਰਕੇ ਹਫ਼ਤੇ ਦੇ ਅੰਦਰ ਅੰਦਰ ਸੰਪੂਰਨ ਟੀਕਾਕਰਨ ਕਰਵਾ ਕੇ ਰਿਪੋਰਟ ਦੇਣਗੇ। ਹੁਕਮਾਂ ਵਿੱਚ ਤਹਿਸੀਲਦਾਰ, ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ , ਖੇਤੀਬਾੜੀ ਵਿਕਾਸ ਅਫ਼ਸਰ, ਸਾਰੇ ਡੀਐੱਸਪੀ, ਬਾਲ ਸੁੱਖਿਆ ਅਫ਼ਸਰ , ਵਣ ਮੰਡਲ ਅਫ਼ਸਰ, ਆਬਕਾਰੀ ਅਤੇ ਕਰ ਕਮਿਸ਼ਨਰ, ਬਿਜਲੀ ਬੋਰਡ ਇੰਜਨੀਅਰ ਸਣੇ ਵੱਖ-ਵੱਖ ਵਿਭਾਗਾਂ ਦੇ ਤਜ਼ਿਲ੍ਹਾ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ।