ਨੌਂ ਮਹੀਨੇ ਪਹਿਲਾਂ ਹੋਏ ਨੌਜਵਾਨ ਦੇ ਕਤਲ ਦਾ ਮਾਮਲਾ
ਸੁੰਦਰ ਨਾਥ ਆਰੀਆ
ਅਬੋਹਰ, 7 ਸਤੰਬਰ
ਉਪ ਮੰਡਲ ਦੇ ਪਿੰਡ ਧਰਮਪੁਰਾ ਵਾਸੀ ਇਕ ਨੌਜਵਾਨ ਦੀ 9 ਮਹੀਨੇ ਪਹਿਲਾਂ ਹੋਏ ਕਤਲ ਮਾਮਲੇ ਵਿੱਚ ਥਾਣਾ ਬਹਾਵਵਾਲਾ ਪੁਲੀਸ ਵੱਲੋਂ ਵਰਤੀ ਗਈ ਢਿੱਲੀ ਕਾਰਜ ਪ੍ਰਣਾਲੀ ਦੇ ਵਿਰੋਧ ਵਿੱਚ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਡੀਐੱਸਪੀ (ਦਿਹਾਤੀ) ਦੇ ਦਫਤਰ ਅੱਗੇ ਐੱਸਐੱਸਪੀ ਦੀਪਕ ਹਿਲੋਰੀ ਦਾ ਪੁਤਲਾ ਸਾੜਿਆ। ਮ੍ਰਿਤਕ ਕੋਮਲ (18) ਦੇ ਪਿਤਾ ਮਹਾਵੀਰ ਅਤੇ ਚਾਚਾ ਕਾਨਹਾ ਰਾਮ ਨੇ ਦੱਸਿਆ ਕਿ ਕੋਮਲ ਦੀ 9 ਮਹੀਨੇ ਪਹਿਲਾਂ ਕੁਝ ਅਣਪਛਾਤੇ ਲੋਕਾਂ ਨੇ ਹੱਤਿਆ ਕਰ ਦਿੱਤੀ ਸੀ। ਥਾਣਾ ਬਹਾਵਵਾਲਾ ਪੁਲੀਸ ਨੇ ਮਾਮਲਾ ਤਾਂ ਦਰਜ ਕੀਤਾ ਹੋਇਆ ਹੈ ਪਰ ਅੱਜ ਤੱਕ ਕਿਸੇ ਵੀ ਮੁਲਜਮ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਕਰੀਬ 22 ਦਿਨਾਂ ਤੋਂ ਡੀਐੱਸਪੀ (ਦਿਹਾਤੀ) ਦੇ ਦਫਤਰ ਅੱਗੇ ਧਰਨਾ ਲਾਈ ਬੈਠੇ ਹਨ। ਡੀਐੱਸਪੀ ਅਵਤਾਰ ਸਿੰਘ (ਦਿਹਾਤੀ) ਨੇ ਦੱਸਿਆ ਕਿ ਇਸ ਮਾਮਲੇ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। ਪਰਿਵਾਰ ਵਾਲਿਆਂ ਦੇ ਬਿਆਨ ਤੋਂ ਬਾਅਦ ਪੁਲੀਸ ਟੀਮਾਂ ਇਸ ਮਾਮਲੇ ਵਿੱਚ ਕਰੀਬ 60 ਲੋਕਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ ਪਰ ਅਜੇ ਤੱਕ ਪੁਲੀਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਿਆ। ਪੁਲੀਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਡੀਐੱਸਪੀ ਦੇ ਦਫਤਰ ਅੱਗੇ ਐੱਸਐੱਸਪੀ ਦਾ ਪੁਤਲਾ ਸਾੜਦੇ ਪੀੜਤ ਪਰਿਵਾਰ ਦੇ ਮੈਂਬਰ।