ਪੱਤਰ ਪ੍ਰੇਰਕ
ਮਾਨਸਾ, 27 ਅਕਤੂਬਰ
ਪੰਜਾਬ ਵਿਚ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੀ ਅਗੇਤੀ ਬਿਜਾਈ ਆਰੰਭ ਹੋ ਗਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀ ਮਹਿਕਮੇ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਇਸ ਫ਼ਸਲ ਦੀ ਬਿਜਾਈ ਲਈ ਇਸ ਸਮੇਂ ਨੂੰ ਢੁੱਕਵਾਂ ਦੱਸਿਆ ਹੈ। ਖੇਤੀ ਵਿਭਾਗ ਵੱਲੋਂ ਭਾਵੇਂ ਅਜੇ ਤੱਕ ਕਣਕ ਦਾ ਬੀਜ ਸਿੱਧਾ ਕਿਸਾਨਾਂ ਨੂੰ ਵੰਡਣ ਲਈ ਉਪਰਾਲਾ ਨਹੀਂ ਕੀਤਾ ਗਿਆ, ਵੈਸੇ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਮਹਿਕਮੇ ਕੋਲ ਬੀਜ ਪੁੱਜ ਗਿਆ ਹੈ, ਜਦੋਂ ਕਿ ਇਸ ਨੂੰ ਜਾਰੀ ਕਰਨ ਦਾ ਸਰਕਾਰੀ ਤੌਰ-ਤਰੀਕੇ ਵਾਲਾ ਪੱਤਰ ਅਜੇ ਤੱਕ ਨਹੀਂ ਪੁੱਜਿਆ। ਮਹਿਕਮੇ ਦੇ ਅਧਿਕਾਰੀਆਂ ਵੱਲੋਂ ਪਨਸੀਡ ਅਤੇ ਹੋਰ ਸਰਕਾਰੀ ਤੇ ਪ੍ਰਾਈਵੇਟ ਧਿਰਾਂ ਦੇ ਬੀਜ ਨੂੰ ਸਬਸਿਡੀ ’ਤੇ ਕਿਸਾਨਾਂ ਨੂੰ ਮੁਹੱਈਆ ਕਰਵਾਉਣ ਲਈ ਕੱਲ੍ਹ ਤੋਂ ਪਰਮਿਟ ਦੇਣ ਦੇ ਉਪਰਾਲੇ ਆਰੰਭ ਕੀਤੇ ਜਾ ਰਹੇ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਠਿੰਡਾ ਸਥਿਤ ਖੇਤਰੀ ਖੋਚ ਕੇਂਦਰ ਦੇ ਵਿਗਿਆਨੀ ਡਾ.ਜੀ.ਐਸ ਰੋਮਾਣਾ ਨੇ ਦੱਸਿਆ ਕਿ ਪੀਬੀਡਲਬਯੂ- 824, ਪੀਬੀਡਲਬਯੂ- 766, ਡੀਬੀਡਲਬਯੂ- 187, ਐਚਡੀ-3226, ਪੀਬੀਡਬਲਯੂ- 343, ਪੀਬੀਡਬਲਯੂ- 725, ਪੀਬੀਡਬਲਯੂ-677, ਐਚਡੀ- 3086 ਅਤੇ ਡਬਲਯੂਐਚ-1105 ਕਿਸਮਾਂ ਦੀ ਯੂਨੀਵਰਸਿਟੀ ਵੱਲੋਂ ਸਮੇਂ-ਸਿਰ ਬਿਜਾਈ ਲਈ ਸਿਫਾਰਸ਼ ਕੀਤੀ ਗਈ ਹੈ, ਜਦੋਂ ਕਿ ਲੇਟ ਵਾਲੀਆਂ ਕਿਸਮਾਂ ਇਸ ਤੋਂ ਵੱਖ ਹਨ। ਉਨ੍ਹਾਂ ਕਿਹਾ ਕਿ ਝੋਨੇ ਦੀ ਕਟਾਈ ਤੋਂ ਬਾਅਦ ਕਿਸਾਨ ਕਣਕ ਦੀ ਸਿੱਧੀ ਬਿਜਾਈ ਕਰਕੇ ਲਗਪਗ ਤਿੰਨ ਹਜ਼ਾਰ ਰੁਪਏ ਦੀ ਬੱਚਤ ਕਰ ਸਕਦੇ ਹਨ।ਡਾ. ਸੱਤਪਾਲ ਸਿੰਘ ਰਾਏਕੋਟੀ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਚੰਗੇ ਝਾੜ ਲਈ ਇਸ ਫ਼ਸਲ ਦੀ ਬਿਜਾਈ ਨਵੰਬਰ ਦੇ ਦੂਜੇ ਹਫਤੇ ਤੱਕ ਕਰ ਲੈਣ।