ਪਵਨ ਗੋਇਲ
ਭੁੱਚੋ ਮੰਡੀ, 18 ਅਗਸਤ
ਦਿਨ-ਦਿਹਾੜੇ ਹੋ ਰਹੀਆਂ ਚੋਰੀਆਂ ਅਤੇ ਲੁੱਟਾਂ-ਖੋਹਾਂ ਤੋਂ ਤੰਗ ਆਏ ਸ਼ਹਿਰ ਵਾਸੀਆਂ ਨੇ ਅੱਜ ਆਪਣੀਆਂ ਦੁਕਾਨਾਂ ਬੰਦ ਕਰਕੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਫੁਹਾਰਾ ਚੌਕ ਵਿੱਚ ਜਾਮ ਲਗਾਇਆ ਅਤੇ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾਂ ਸ਼ਹਿਰ ਵਾਸੀਆਂ ਨੇ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਵੱਖ ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਰੋਸ ਮਾਰਚ ਵੀ ਕੀਤਾ। ਸ਼ਹਿਰ ਵਾਸੀਆਂ ਵਿੱਚ ਪੁਲੀਸ ਖ਼ਿਲਾਫ਼ ਰੱਜ ਕੇ ਭੜਾਸ ਕੱਢੀ। ਜਾਮ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀ ਹੋਈ ਪਰ ਐਂਬੂਲੈਂਸਾਂ ਨੂੰ ਤੁਰੰਤ ਰਾਸਤਾ ਦਿੱਤਾ ਗਿਆ। ਇਸ ਮੌਕੇ ਸਮਾਜ ਸੇਵੀ ਮਨਦੀਪ ਭਲੇਰੀਆ, ਪ੍ਰਦੀਪ ਬਾਂਸਲ, ਵਿੱਕੀ ਮੌੜ, ਪਰਮਜੀਤ ਪੰਮਾ, ਗੋਲਡੀ ਢਿੱਲੋਂ ਅਤੇ ਰਾਜ ਸ਼ਰਮਾ ਨੇ ਕਿਹਾ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਚੋਰ ਅਤੇ ਝਪਟਮਾਰ ਸ਼ਹਿਰ ਵਿੱਚ ਬਿਨ੍ਹਾਂ ਕਿਸੇ ਡਰ ਦੇ ਚੋਰੀਆਂ ਅਤੇ ਲੁੱਟ-ਖਸੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ ਪਰ ਪੁਲੀਸ ਇਨ੍ਹਾਂ ਨੂੰ ਕਾਬੂ ਕਰਨ ਵਿੱਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕ ਕਿਸੇ ਝਪਟਮਾਰ ਜਾਂ ਚੋਰ ਨੂੰ ਕਾਬੂ ਕਰਕੇ ਪੁਲੀਸ ਹਵਾਲੇ ਕਰਦੇ ਹਨ, ਤਾਂ ਕੁੱਝ ਸਮੇਂ ਬਾਅਦ ਪੁਲੀਸ ਇਨ੍ਹਾਂ ਮੁਲਾਜ਼ਮਾਂ ਨੂੰ ਛੱਡ ਦਿੰਦੀ ਹੈ, ਇਸ ਕਾਰਨ ਸ਼ਹਿਰ ਵਾਸੀ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਕੀਹਦੇ ਅੱਗੇ ਫਰਿਆਦ ਕਰਨ। ਉਨ੍ਹਾਂ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰ ਵਿੱਚ ਗਸ਼ਤ ਵਧਾਈ ਜਾਵੇ ਅਤੇ ਚੋਰਾਂ ਨੂੰ ਕਾਬੂ ਕਰਕੇ ਲੋਕਾਂ ਦਾ ਸਾਮਾਨ ਵਾਪਸ ਦਿਵਾਇਆ ਜਾਵੇ।
ਜਾਮ ਵਿੱਚ ਪਹੁੰਚੇ ਵਿਧਾਇਕ ਮਾਸਟਰ ਜਗਸੀਰ ਸਿੰਘ ਦੇ ਬੇਟੇ ਹਰਸਿਮਰਨ ਸਿੰਘ ਅਤੇ ਡੀਐੱਸਪੀ ਰਛਪਾਲ ਸਿੰਘ ਨੇ ਭਰੋਸਾ ਦਿੱਤਾ ਕਿ ਇੱਕ ਹਫ਼ਤੇ ਵਿੱਚ ਚੌਕੀ ਦੀ ਨਫ਼ਰੀ ਵਧਾ ਦਿੱਤੀ ਜਾਵੇਗੀ ਅਤੇ ਰਾਤ-ਦਿਨ ਗਸ਼ਤ ਵਧਾ ਕੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਜਾਣਗੇ।
ਇਸ ਤੋਂ ਬਾਅਦ ਸ਼ਹਿਰ ਵਾਸੀਆਂ ਨੇ ਜਾਮ ਖੋਲ੍ਹਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸੁਰੱਖਿਆ ਦੇ ਠੋਸ ਪ੍ਰਬੰਧ ਨਾ ਕੀਤੇ ਗਏ ਤਾਂ ਉਹ ਹੋਰ ਤਿੱਖਾ ਸ਼ੰਘਰਸ਼ ਵਿੱਢਣਗੇ।