ਲਖਵਿੰਦਰ ਸਿੰਘ
ਮਲੋਟ, 24 ਜੁਲਾਈ
ਪਿਛਲੇ ਦਿਨੀਂ ਆਏ ਤੇਜ਼ ਮੀਂਹ ਨੇ ਪਿੰਡ ਮਿੱਡਾ ਦੇ ਬਸ਼ਿੰਦਿਆਂ ਦੇ ਚਿਹਰੇ ਪੀਲੇ ਪਾ ਦਿੱਤੇ ਹਨ, ਕਿਉਂਕਿ ਉਨ੍ਹਾਂ ਨੂੰ ਖੇਤਾਂ ’ਚ ਖੜ੍ਹੇ ਗੋਡੇ-ਗੋਡੇ ਪਾਣੀ ਕਰਕੇ ਅਗਲੀ ਫਸਲ ਦੀ ਬਿਜਾਂਦ ਦੀ ਆਸ ਵੀ ਮੁੱਕ ਗਈ ਹੈ। ਬਹੁਤੇ ਕਿਸਾਨ ਜ਼ਮੀਨਾਂ ਠੇਕਿਆਂ ਤੇ ਲੈ ਕੇ ਵਾਹੀ ਕਰਦੇ ਹਨ। ਇਕੱਤਰ ਹੋਏ ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਖਾਸ ਸਹਿਯੋਗ ਨਹੀਂ ਮਿਲ਼ਿਆ, ਜਿਸ ਕਰਕੇ ਪੱਠੇ-ਦੱਠੇ, ਤੂੜੀ ਸਮੇਤ ਸਬਜ਼ੀਆਂ ਜਾਂ ਝੋਨਾਂ, ਨਰਮਾ ਆਦਿ ਜੋ ਫਸਲ ਬਚ ਸਕਦੀ ਸੀ, ਉਹ ਵੀ ਪਾਣੀ ’ਚ ਗਲ ਗਈ ਹੈ। ਉਨ੍ਹਾਂ ਕਿਹਾ ਕਿ 20 ਪਿੰਡਾਂ ਦਾ ਪਾਣੀ ਖੜ੍ਹਾ ਹੈ। ਤਿੰਨ ਦਿਨਾਂ ਤੋਂ ਆਪਣੇ ਕੋਲੋਂ ਟਰੈਕਟਰ ਤੇ ਪਾਇਪਾਂ ਦਾ ਜੁਗਾੜ ਕਰਕੇ ਗੁਰਪ੍ਰੀਤ ਸਿੰਘ ਖਾਲਸਾ ਨਾਮੀ ਨੌਜਵਾਨ ਪਾਣੀ ਦੀ ਨਿਕਾਸੀ ’ਚ ਜੁਟਿਆ ਹੈ, ਜਿਸ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਿੰਡ ਕੋਲੋਂ ਲੰਘਦਾ ਸੇਮ ਨਾਲਾ ਵਿਭਾਗੀ ਨਕਸ਼ੇ ਅਨੁਸਾਰ ਨਹੀਂ, ਉਸ ਵੇਲੇ ਦੇ ਪ੍ਰਭਾਵ ਵਾਲੇ ਵਿਅਕਤੀਆਂ ਨੇ ਇਸ ਸੇਮ ਨਾਲੇ ਦੀ ਦਿਸ਼ਾ ਬਦਲਵਾ ਕੇ ਕੁਦਰਤੀ ਵਹਾਅ ਦੇ ਉਲਟ ਬਣਵਾ ਦਿੱਤਾ, ਜਿਸ ਕਰਕੇ ਆਲਮ ਇਹ ਹੈ ਕਿ ਹੁਣ ਸੇਮ ਨਾਲਾ ਤੇ ਖੇਤਾਂ ਦਾ ਪਾਣੀ ਸਭ ਇਕਮਿੱਕ ਹੋ ਚੁੱਕਿਆ ਹੈ। ਦਰਜਨਾਂ ਹੋਰ ਪਿੰਡਾਂ ਵਿੱਚ ਸਮੱਸਿਆ ਇਕੋ ਜਿਹੀ ਹੈ। ਉਧਰ, ਪਿੰਡ ਵਾਸੀਆਂ ਅਨੁਸਾਰ ਪ੍ਰਸ਼ਾਸਨ ਦੀ ਢਿੱਲੀ ਚਾਲ ਕਰਕੇ ਉਨ੍ਹਾਂ ਦਾ ਹੋਰ ਨੁਕਸਾਨ ਹੋ ਰਿਹਾ ਹੈ। ਉਧਰ, ਖਾਲਸਾ ਏਡ ਨੇ ਵੀ ਕਈ ਪਿੰਡਾਂ ’ਚ ਵੱਡੇ ਪੱਖੇ ਲਾ ਕੇ ਪਾਣੀ ਦੀ ਨਿਕਾਸੀ ਲਈ ਮੋਰਚਾ ਸੰਭਾਲਿਆ ਹੈ।
ਵਿਧਾਇਕ ਦੀ ਕੋਠੀ ਦੇ ਘਿਰਾਓ ਦਾ ਫੈਸਲਾ
ਫਾਜ਼ਿਲਕਾ (ਪਰਮਜੀਤ ਸਿੰਘ) ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਜ਼ਿਲ੍ਹਾ ਫਾਜ਼ਿਲਕਾ ਵੱਲੋਂ ਪਿਛਲੇ ਲਗਪਗ ਦੋ ਮਹੀਨਿਆਂ ਤੋਂ ਫਾਜ਼ਿਕਲਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਚਿੱਟੀ ਮੱਖੀ, ਗੁਲਾਬੀ ਸੁੰਢੀ ਤੇ ਮੀਂਹ ਕਾਰਨ ਖ਼ਰਾਬ ਹੋਏ ਨਰਮੇ ਅਤੇ ਝੋਨੇ ਦੀ ਫਸਲ ਦੇ ਮੁਆਵਜ਼ੇ ਸਬੰਧੀ ਦਿੱਤਾ ਜਾ ਰਿਹਾ ਧਰਨਾ ਅੱਜ ਵੀ ਜਾਰੀ ਰਿਹਾ। ਇਸ ਦੌਰਾਨ ਕਿਸਾਨਾਂ ਨੇ ਮੁਆਵਜ਼ਾ ਜਲਦੀ ਨਾ ਮਿਲਣ ’ਤੇ ਸੰਘਰਸ਼ ਨੂੰ ਤੇਜ਼ ਕਰਦੇ ਹੋਏ ਬੱਲੂਆਣਾ ਦੇ ਵਿਧਾਇਕ ਦੀ ਫਾਜ਼ਿਲਕਾ ਸਥਿਤ ਕੋਠੀ ਦਾ ਘਿਰਾਓ ਕਰਨ ਦੀ ਚੇਤਾਵਨੀ ਦਿੱਤੀ। ਇਥੇ ਡੀਸੀ ਦਫ਼ਤਰ ਅੱਗੇ ਯੂਨੀਅਨ ਦੇ ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਪ੍ਰਗਟ ਸਿੰਘ ਚੱਕਪੱਖੀ, ਸੁਖਦੇਵ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ, ਉਦੇ ਸਿੰਘ ਘੁੜਿਆਣਾ, ਸੁਖਵੀਰ ਸਿੰਘ ਆਦਿ ਨੇ ਕਿਹਾ ਕਿ 2019-20 ਤੇ 21 ਦੇ ਦੌਰਾਨ ਜ਼ਿਲ੍ਹਾ ਫਾਜ਼ਿਲਕਾ ’ਚ ਚਿੱਟੀ ਮੱਖੀ, ਗੁਲਾਬੀ ਸੁੰਢੀ ਤੇ ਜ਼ਿਆਦਾ ਮੀਂਹ ਕਾਰਨ ਝੋਨੇ ਤੇ ਨਰਮੇ ਦੀ ਫਸਲ ਦਾ ਕਾਫ਼ੀ ਨੁਕਸਾਨ ਹੋਇਆ ਸੀ। ਉਨ੍ਹਾਂ ਦੱਸਿਆ ਕਿ ਖ਼ਰਾਬੇ ਦਾ ਮੁਆਵਜ਼ਾ ਲੈਣ ਲਈ ਕਿਸਾਨਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ।