ਪੱਤਰ ਪੇ੍ਰਰਕ
ਕਾਲਾਂਵਾਲੀ, 5 ਸਤੰਬਰ
ਭਾਰੀ ਮੀਂਹ ਪੈਣ ਕਾਰਨ ਪਿੰਡ ਕਾਲਾਂਵਾਲੀ ਵਿੱਚ ਰਾਣੀ ਵਾਲਾ ਛੱਪੜ ਦਾ ਪਾਣੀ ਉੱਛਲ ਕੇ ਨੇੜਲੇ ਘਰਾਂ ਵਿੱਚ ਵੜ ਗਿਆ, ਜਿਸ ਨਾਲ ਲੋਕਾਂ ਨੂੰ ਘਰਾਂ ’ਚੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ। ਲੋਕਾਂ ਨੇ ਪ੍ਰਸ਼ਾਸਨ ਤੋਂ ਬਰਸਾਤੀ ਪਾਣੀ ਦੀ ਨਿਕਾਸੀ ਦੇ ਢੁੱਕਵੇਂ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।
ਪਿੰਡ ਕਾਲਾਂਵਾਲੀ ਵਾਸੀ ਪਿੰਦਾ ਸਿੰਘ, ਦੇਸ ਰਾਜ, ਲੀਲਾ ਸਿੰਘ, ਜੀਤ ਸਿੰਘ, ਲਾਭ ਸਿੰਘ, ਕੇਹਰ ਸਿੰਘ, ਇੰਦਰ ਸਿੰਘ ਤੇ ਗੁਲਾਬ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੀ ਗਲੀ ਦਾ ਪੱਧਰ ਛੱਪੜ ਦੀ ਚਾਰਦੀਵਾਰੀ ਤੋਂ ਨੀਵਾਂ ਹੈ, ਜਿਸ ਕਰਕੇ ਮੀਂਹ ਪੈਣ ’ਤੇ ਗਲੀ ਵਿੱਚ ਬਰਸਾਤੀ ਪਾਣੀ ਜਮ੍ਹਾਂ ਹੋ ਜਾਂਦਾ ਹੈ। ਜਦੋਂ ਛੱਪੜ ਦਾ ਪਾਣੀ ਓਵਰਫਲੋ ਹੋ ਜਾਂਦਾ ਹੈ ਤਾਂ ਬਰਸਾਤੀ ਪਾਣੀ ਉਨ੍ਹਾਂ ਦੇ ਘਰਾਂ ਵਿੱਚ ਵੜ ਜਾਂਦਾ ਹੈ। ਗਲੀ ਵਿੱਚ ਵੀ ਕਈ ਫੁੱਟ ਤੱਕ ਪਾਣੀ ਭਰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਰਸਾਤੀ ਪਾਣੀ ਜਮ੍ਹਾਂ ਹੋਣ ਨਾਲ ਹਰ ਸਮਾਂ ਬੱਚਿਆਂ ਦੇ ਡਿੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਪੰਚਾਇਤ ਸਕੱਤਰ ਦੀਪਕ ਕੁਮਾਰ ਨੇ ਦੱਸਿਆ ਕਿ ਬਰਸਾਤੀ ਪਾਣੀ ਦੀ ਨਿਕਾਸੀ ਲਈ ਛੱਪੜ ’ਚ ਬੋਰਵੈਲ ਲਗਾਇਆ ਹੋਇਆ ਹੈ ਅਤੇ ਉਸ ਵਿੱਚੋਂ ਪਾਣੀ ਨਿਕਲ ਵੀ ਰਿਹਾ ਹੈ। ਮੀਂਹ ਜ਼ਿਆਦਾ ਪੈਣ ਕਾਰਨ ਉਕਤ ਮੁਸ਼ਕਿਲ ਪੇਸ਼ ਆ ਰਹੀ ਹੈ। ਗਲੀ ਦੀ ਉਸਾਰੀ ਲਈ ਫਿਲਹਾਲ ਪੰਚਾਇਤ ਦੇ ਕੋਲ ਫੰਡ ਨਹੀਂ ਹੈ। ਸਰਕਾਰ ਵੱਲੋਂ ਫੰਡ ਜਾਰੀ ਕੀਤੇ ਜਾਣ ਤੋਂ ਬਾਅਦ ਉਕਤ ਗਲੀ ਦਾ ਲੇਬਲ ਉੱਚਾ ਕਰਕੇ ਉਸਾਰੀ ਕਰਵਾ ਦਿੱਤੀ ਜਾਵੇਗੀ।
ਕੈਪਸ਼ਲ: ਪਿੰਡ ਕਾਲਾਂਵਾਲੀ ਵਿੱਚ ਲੋਕਾਂ ਦੇ ਘਰਾਂ ’ਚ ਭਰਿਆ ਮੀਂਹ ਦਾ ਪਾਣੀ।