ਮਹਿੰਦਰ ਸਿੰਘ ਰੱਤੀਆਂ
ਮੋਗਾ, 12 ਜੁਲਾਈ
ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸਾਂ ਉੱਤੇ ਐਨਪੀਏ ਕਟੌਤੀ ਤੋਂ ਸਰਕਾਰੀ ਡਾਕਟਰਾਂ ਵੱਲੋਂ ਅੱਜ ਤੋਂ ਤਿੰਨ ਰੋਜ਼ਾ ਹੜਤਾਲ ਕਾਰਨ ਗਰੀਬ ਜਨਤਾ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸੂਬੇ ’ਚ ਹਾਹਾਕਾਰ ਮੱਚ ਗਈ ਹੈ।
ਇਥੇ ਪੀਸੀਐੱਮਐੱਸ ਐਸੋਸੀਏਸ਼ਨ ਦੇ ਸੁੂਬਾਈ ਪ੍ਰਧਾਨ ਤੇ ਜੁਆਇੰਟ ਸਰਕਾਰੀ ਡਾਕਟਰਾਂ ਕੋਆਰਡੀਨੇਟਰ ਕਮੇਟੀ ਆਗੂ ਡਾ. ਗਗਨਦੀਪ ਸਿੰਘ ਤੇ ਜਥੇਬੰਦਕ ਸਕੱਤਰ ਡਾ. ਇੰਦਰਬੀਰ ਸਿੰਘ ਗਿੱਲ ਨੇ ਕਿਹਾ ਕਿ ਪੇਅ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਵਿਰੋਧ ਵਿੱਚ ਸਰਕਾਰੀ ਡਾਕਟਰ ਸੰਘਰਸ਼ ਦੇ ਰਾਹ ਪੈ ਗਏ ਹਨ। ਉਨ੍ਹਾਂ ਕਿਹਾ ਐਨਪੀਏ ਨੂੰ 33 ਫ਼ੀਸਦੀ ਅਤੇ ਮੁੱਢਲੀ ਤਨਖਾਹ ਦਾ ਹਿੱਸਾ ਮੰਨਿਆ ਜਾਵੇ।
ਕਰੋਨਾ ਮਹਾਂਮਾਰੀ ਦੌਰਾਨ ਡਾਕਟਰਾਂ ਨੂੰ ਫੋਕੀ ਸ਼ਾਬਾਸ਼ ਦੀ ਥਾਂ ਉਨ੍ਹਾਂ ਦੀਆਂ ਮੰਗਾਂ ਮੰਨ ਕੇ ਤੋਹਫਾ ਦੇਣਾ ਚਾਹੀਦਾ ਹੈ। ਸਰਕਾਰ ਦੀ ਬੇਰੁਖੀ ਕਾਰਨ ਹੜਤਾਲ ਕਰਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਇਸ ਤਿੰਨ ਰੋਜ਼ਾ ਹੜਤਾਲ ਦੌਰਾਨ ਓਪੀਡੀ ਸੇਵਾਵਾਂ ਬੰਦ ਰਹਿਣਗੀਆਂ ਅਤੇ ਲੋਕ ਹਿੱਤ ਵਿਚ ਐਮਰਜੈਂਸੀ ਕੋਵਿਡ, ਪੋਸਟਮਾਰਟਮ ਤੇ ਮੈਡੀਕੋ ਸੇਵਾਵਾਂ ਜਾਰੀ ਰਹਿਣਗੀਆਂ। ਉਨ੍ਹਾਂ ਕਿਹਾ ਕਿ ਐਨਪੀਏ ਸੰਘਰਸ਼ ਸਰਕਾਰੀ ਸਿਹਤ ਸੇਵਾ ਨੂੰ ਬਚਾਉਣ ਲਈ ਹੈ। ਇਸ ਨੂੰ ਖਤਮ ਕਰਨ ਦੇ ਫੈਸਲੇ ਦਾ ਵਿਰੋਧ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸਰਕਾਰ ਮਸਲਾ ਹੱਲ ਨਾ ਕਰ ਕੇ ਹੜਤਾਲ ਲਈ ਮਜਬੂਰ ਕਰ ਰਹੀ ਹੈ।
ਮਾਨਸਾ (ਹਰਦੀਪ ਸਿੰਘ ਜਟਾਣਾ): ਐਨਪੀਏ ਮਸਲੇ ’ਤੇ ਸਰਕਾਰ ਦੀ ਟਾਲ ਮਟੋਲ ਦੀ ਨੀਤੀ ਤੋਂ ਖਫ਼ਾ ਅੱਜ ਪੰਜਾਬ ਭਰ ਦੇ ਮੈਡੀਕਲ ਅਤੇ ਵੈਟਰਨਰੀ ਡਾਕਟਰਾਂ ਨੇ ਤਿੰਨ ਰੋਜ਼ਾ ਹੜਤਾਲ ਦੇ ਪਹਿਲੇ ਦਿਨ ਐਮਰਜੈਂਸੀ, ਮੈਡੀਕਲ/ਵੈਟਰੋ ਲੀਗਲ ਅਤੇ ਕੋਵਿਡ ਡਿਊਟੀ ਤੋਂ ਸਿਵਾਏ ਹਰ ਤਰ੍ਹਾਂ ਦੀ ਓਪੀਡੀ ਅਤੇ ਬਾਕੀ ਸਾਰੇ ਕੰਮਾਂ ਦਾ ਮੁਕੰਮਲ ਬਾਈਕਾਟ ਕੀਤਾ ਅਤੇ ਨਾਅਰੇਬਾਜ਼ੀ ਕਰਦੇ ਹੋਏ ਪੇਅ ਕਮਿਸ਼ਨ ਰਿਪੋਰਟ ਦੀਆਂ ਕਾਪੀਆਂ ਸਾੜੀਆਂ।
ਜੁਆਇੰਟ ਗੌਰਮਿੰਟ ਡਾਕਟਰਜ਼ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ’ਤੇ ਸਿਹਤ ਵਿਭਾਗ ਦੇ ਡਾਕਟਰਾਂ ਵੱਲੋਂ ਸਿਵਲ ਹਸਪਤਾਲ ਮਾਨਸਾ ਵਿਖੇ ਤੇ ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਵੱਲੋਂ ਦਫ਼ਤਰ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਮਾਨਸਾ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਲਾ ਕੇ ਰੋਸ ਪ੍ਰਗਟਾਇਆ।
ਇਸ ਮੌਕੇ ਜੁਆਇੰਟ ਗੌਰਮਿੰਟ ਡਾਕਟਰਜ ਕੁਆਰਡੀਨੇਸ਼ਨ ਕਮੇਟੀ ਦੇ ਨੁਮਾਇੰਦਿਆਂ ਡਾ. ਰਣਜੀਤ ਸਿੰਘ ਰਾਏ, ਡਾ. ਗੁਰਜੀਵਨ ਸਿੰਘ, ਡਾ. ਅਰਸ਼ਦੀਪ, ਡਾ. ਬਲਦੇਵ ਰਾਜ, ਡਾ. ਕਮਲ ਕੁਮਾਰ, ਡਾ. ਹਰਮਨ ਤੇ ਡਾ. ਕਮਲ ਗੁਪਤਾ ਨੇ ਸਰਕਾਰ ਵੱਲੋਂ ਕੀਤੀ ਵਾਅਦਾਖਿਲਾਫ਼ੀ ਦੀ ਕਰੜੇ ਸ਼ਬਦਾਂ ਵਿੱਚ ਆਲੋਚਨਾ ਕੀਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਦੀ ਡਾਕਟਰ ਦੋਖੀ ਨੀਤੀ ਇਵੇਂ ਜਾਰੀ ਰਹੀ ਤਾਂ ਪੰਜਾਬ ਦੇ ਸਮੁੱਚੇ ਮੈਡੀਕਲ ਅਤੇ ਵੈਟਰਨਰੀ ਡਾਕਟਰ ਅਣਮਿੱਥੇ ਸਮੇਂ ਦੀ ਹੜਤਾਲ ਕਰਕੇ ਸੜਕਾਂ ਤੇ ਨਿੱਕਲਣ ਲਈ ਮਜਬੂਰ ਹੋਣਗੇ।